ਮੁੱਲਾਂਪੁਰ ਸਟੇਡੀਅਮ ਬਣੇਗਾ ਭਾਰਤ ਦਾ 31ਵਾਂ ਟੈਸਟ ਮੈਦਾਨ, ਭਾਰਤ-ਅਫਗਾਨਿਸਤਾਨ ਟੈਸਟ ਲਈ ਤਿਆਰੀਆਂ ਮੁਕੰਮਲ

ਮੁੱਲਾਂਪੁਰ ਸਟੇਡੀਅਮ ਬਣੇਗਾ ਭਾਰਤ ਦਾ 31ਵਾਂ ਟੈਸਟ ਮੈਦਾਨ, ਭਾਰਤ-ਅਫਗਾਨਿਸਤਾਨ ਟੈਸਟ ਲਈ ਤਿਆਰੀਆਂ ਮੁਕੰਮਲ

ਚੰਡੀਗੜ੍ਹ-ਪੰਜਾਬ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਪੀਸੀਏ ਨਿਊ ਇੰਟਰਨੈਸ਼ਨਲ ਸਟੇਡੀਅਮ ਵਿੱਚ 6 ਜੂਨ ਤੋਂ ਸ਼ੁਰੂ ਹੋਣ ਵਾਲੇ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਕਮਾਤਰ ਟੈਸਟ ਮੈਚ ਨਾਲ ਇਹ ਮੈਦਾਨ ਦੇਸ਼ ਦਾ 31ਵਾਂ ਟੈਸਟ ਵੇਨਿਊ ਬਣ ਜਾਵੇਗਾ। ਇਸ ਇਤਿਹਾਸਕ ਮੈਚ ਨੂੰ ਲੈ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ।ਮੋਹਾਲੀ ਦੇ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਅਤੇ ਜਲੰਧਰ ਦੇ ਬਰਟਨ ਪਾਰਕ ਵਿੱਚ ਪਹਿਲਾਂ ਟੈਸਟ ਮੈਚ ਹੋ ਚੁੱਕੇ ਹਨ, ਪਰ ਮੁੱਲਾਂਪੁਰ ਦਾ ਇਹ ਨਵਾਂ ਸਟੇਡੀਅਮ ਹੁਣ ਭਾਰਤ ਦੇ ਪ੍ਰਮੁੱਖ ਟੈਸਟ ਮੈਦਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਮੈਚ ਦੀ ਖਾਸ ਗੱਲ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ‘ਤੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਪੰਜਾਬ ਦੇ ਹੀ ਹੋਰ ਨੌਜਵਾਨ ਖਿਡਾਰੀ ਗੁਰਨੂਰ ਬਰਾੜ ਨੂੰ ਵੀ 15 ਮੈਂਬਰੀ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ।ਪੀਸੀਏ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦਾ ਨਵਾਂ ਸਟੇਡੀਅਮ ਦੇਸ਼ ਦਾ 31ਵਾਂ ਟੈਸਟ ਮੈਦਾਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਵੱਲੋਂ ਆਪਣੇ ਘਰੇਲੂ ਮੈਦਾਨ ‘ਤੇ ਟੀਮ ਦੀ ਅਗਵਾਈ ਕਰਨਾ ਪੰਜਾਬ ਕ੍ਰਿਕਟ ਲਈ ਵੱਡੀ ਉਪਲਬਧੀ ਹੈ।

ਉਨ੍ਹਾਂ ਦੱਸਿਆ ਕਿ ਪੀਸੀਏ ਇਸ ਟੈਸਟ ਮੈਚ ਦੀ ਮੇਜ਼ਬਾਨੀ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸਟੇਡੀਅਮ ਵਿੱਚ ਹੋਰ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਉਣ ਦੀ ਯੋਜਨਾ ਹੈ। ਪਿਛਲੇ ਹਫ਼ਤੇ ਇੱਥੇ ਆਈਪੀਐਲ ਪਲੇਆਫ਼ ਦੇ ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚ ਵੀ ਕਰਵਾਏ ਗਏ ਸਨ।

ਮੁੱਲਾਂਪੁਰ ਸਟੇਡੀਅਮ ਨੇ ਪਿਛਲੇ ਸਾਲ ਭਾਰਤ-ਆਸਟ੍ਰੇਲੀਆ ਮਹਿਲਾ ਵਨਡੇ ਸੀਰੀਜ਼ ਦੌਰਾਨ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਕਰਵਾਇਆ ਸੀ। ਬਾਅਦ ਵਿੱਚ ਦਸੰਬਰ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਮੈਚ ਨਾਲ ਇਹ ਮੈਦਾਨ ਪੁਰਸ਼ ਅੰਤਰਰਾਸ਼ਟਰੀ ਕ੍ਰਿਕਟ ਦਾ ਵੀ ਗਵਾਹ ਬਣਿਆ।ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਟੈਸਟ ਮੈਚ ਲਈ ਟਿਕਟਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਵਿੱਚ ਰੱਖੀਆਂ ਗਈਆਂ ਹਨ। ਪੰਜ ਦਿਨਾਂ ਦੇ ਮੈਚ ਲਈ ਸਭ ਤੋਂ ਸਸਤੀ ਟਿਕਟ 250 ਰੁਪਏ ਅਤੇ ਸਭ ਤੋਂ ਮਹਿੰਗੀ ਟਿਕਟ 10 ਹਜ਼ਾਰ ਰੁਪਏ ਰੱਖੀ ਗਈ ਹੈ। ਵਿਦਿਆਰਥੀਆਂ ਲਈ ਟਿਕਟ ਸਿਰਫ਼ 100 ਰੁਪਏ ਵਿੱਚ ਉਪਲਬਧ ਹੈ।

ਪੀਸੀਏ ਮੁਤਾਬਕ ਹੁਣ ਤੱਕ 1700 ਤੋਂ ਵੱਧ ਟਿਕਟਾਂ ਵੇਚੀਆਂ ਜਾ ਚੁੱਕੀਆਂ ਹਨ। ਮੀਤ ਹੇਅਰ ਨੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਹ ਇਤਿਹਾਸਕ ਮੈਚ ਦੇਖਣ ਲਈ ਸੱਦਾ ਦਿੱਤਾ ਹੈ।ਬੁੱਧਵਾਰ ਨੂੰ ਭਾਰਤੀ ਅਤੇ ਅਫਗਾਨਿਸਤਾਨੀ ਟੀਮਾਂ ਨੇ ਮੁੱਲਾਂਪੁਰ ਸਟੇਡੀਅਮ ਵਿੱਚ ਅਭਿਆਸ ਕੀਤਾ। ਭਾਰਤੀ ਟੀਮ ਨਾਲ ਕੋਚ ਗੌਤਮ ਗੰਭੀਰ ਅਤੇ ਨਵੇਂ ਨਿਯੁਕਤ ਸਪਿਨ ਕੋਚ ਸਾਇਰਾਜ ਬਹੁਤੂਲੇ ਵੀ ਮੌਜੂਦ ਰਹੇ, ਜਦਕਿ ਅਫਗਾਨਿਸਤਾਨ ਟੀਮ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਦੀ ਅਗਵਾਈ ਹੇਠ ਟੀਮ ਨੇ ਦੋ ਘੰਟਿਆਂ ਤੋਂ ਵੱਧ ਸਮਾਂ ਅਭਿਆਸ ਕੀਤਾ।ਪੀਸੀਏ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤੀ ਟੀਮ ਦੀ ਮੰਗ ‘ਤੇ ਸਟੇਡੀਅਮ ਦੇ ਗਰਾਊਂਡ-ਬੀ ਵਿੱਚ ਤਿੰਨ ਵੱਖ-ਵੱਖ ਪ੍ਰੈਕਟਿਸ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਉੱਥੇ ਫਲੱਡ ਲਾਈਟਾਂ ਲਗਾਉਣ ਦੀ ਵੀ ਯੋਜਨਾ ਹੈ।