ਅਮਰੀਕਾ-ਰੂਸ ਡੀਜ਼ਲ ਸਮਝੌਤਾ ਯੂਕਰੇਨ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਨੁਕਸਾਨਦੇਹ: ਕਾਰਨੀ

Canadian Prime Minister Mark Carney told Ukrainian President Volodymyr Zelenskyy that a new U.S.-Russia diesel supply agreement could undermine efforts to end the war in Ukraine by providing Russia with additional revenue.

ਅਮਰੀਕਾ-ਰੂਸ ਡੀਜ਼ਲ ਸਮਝੌਤਾ ਯੂਕਰੇਨ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਨੁਕਸਾਨਦੇਹ: ਕਾਰਨੀ

ਓਟਾਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਰੂਸ ਵਿਚਾਲੇ ਡੀਜ਼ਲ ਬਾਲਣ ਦੀ ਸਪਲਾਈ ਸਬੰਧੀ ਨਵਾਂ ਸਮਝੌਤਾ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਮੁੱਦੇ ’ਤੇ ਕਾਰਨੀ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ, ਦੋਵਾਂ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਉਸ ਸਮਝੌਤੇ ਬਾਰੇ ਚਰਚਾ ਕੀਤੀ, ਜਿਸ ਤਹਿਤ ਰੂਸ ਅਮਰੀਕਾ ਨੂੰ ਲੱਖਾਂ ਟਨ ਡੀਜ਼ਲ ਬਾਲਣ ਦੀ ਸਪਲਾਈ ਕਰੇਗਾ। ਕਾਰਨੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਰੂਸ ਨੂੰ ਨਵੀਂ ਆਮਦਨ ਮਿਲੇਗੀ, ਜੋ ਯੂਰਪ ਵਿੱਚ ਜੰਗ ਖ਼ਤਮ ਕਰਨ ਲਈ ਕੈਨੇਡਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਉਲਟ ਹੈ।
ਦੋਵਾਂ ਆਗੂਆਂ ਨੇ ਯੂਕਰੇਨ ਦੀ ਹਵਾਈ ਰੱਖਿਆ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਹਿਯੋਗੀ ਦੇਸ਼ਾਂ ਨਾਲ ਤਾਲਮੇਲ ਵਧਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ’ਤੇ ਹਮਲੇ ਰੋਕਣ ਲਈ ਸਮਝੌਤਾ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਇਸ ਐਲਾਨ ਤੋਂ ਜਾਪਦਾ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ।
ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਟਰੰਪ ਵੱਲੋਂ ਐਲਾਨੇ ਊਰਜਾ ਜੰਗਬੰਦੀ ਸਮਝੌਤੇ ਦਾ ਸਮਰਥਨ ਕਰਦੇ ਹਨ, ਪਰ ਉਹ ਵ੍ਹਾਈਟ ਹਾਊਸ ਤੋਂ ਇਸ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਰੂਸ ਨੂੰ ਇਸ ਸਮਝੌਤੇ ਦੀ ਪਾਲਣਾ ਕਰਦਿਆਂ ਯੂਕਰੇਨ ਦੇ ਊਰਜਾ ਢਾਂਚੇ ’ਤੇ ਹਮਲੇ ਬੰਦ ਕਰਨੇ ਚਾਹੀਦੇ ਹਨ।
ਕਾਰਨੀ ਨੇ ਐਤਵਾਰ ਨੂੰ ਟਰੰਪ ਨਾਲ ਵੀ ਊਰਜਾ ਜੰਗਬੰਦੀ ਦੇ ਮੁੱਦੇ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ, ਕਾਰਨੀ ਨੇ ਜੰਗਬੰਦੀ ਕਰਵਾਉਣ ਦੇ ਯਤਨਾਂ ਲਈ ਟਰੰਪ ਦਾ ਧੰਨਵਾਦ ਕੀਤਾ ਅਤੇ ਸਮਝੌਤੇ ਲਈ ਕੈਨੇਡਾ ਦੀ ਹਮਾਇਤ ਦੁਹਰਾਈ। ਉਨ੍ਹਾਂ ਨੇ ਰੂਸ ਵੱਲੋਂ ਸਮਝੌਤੇ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਜ਼ੇਲੈਂਸਕੀ ਦੀ ਮੰਗ ਦਾ ਵੀ ਸਮਰਥਨ ਕੀਤਾ।