40 ਸਾਲਾਂ ਬਾਅਦ ਅਲਬਰਟਾ ਨੂੰ ਮਿਲੀ ਨਵੀਂ ਸਰਕਾਰੀ ਨੰਬਰ ਪਲੇਟ, 9 ਨਵੰਬਰ ਤੋਂ ਰਜਿਸਟਰੀ ਦਫ਼ਤਰਾਂ ’ਚ ਮਿਲੇਗੀ
Alberta is introducing its first new official licence plate in more than 40 years, featuring the iconic Moraine Lake and the motto “Strong and Free.” The new design will be available at registry offices starting November 9.
ਅਲਬਰਟਾ-ਕੈਨੇਡਾ ਦੇ ਸੂਬੇ ਅਲਬਰਟਾ ਵਿੱਚ 40 ਸਾਲਾਂ ਤੋਂ ਵੱਧ ਸਮੇਂ ਬਾਅਦ ਨਵੀਂ ਸਰਕਾਰੀ ਵਾਹਨ ਨੰਬਰ ਪਲੇਟ ਜਾਰੀ ਕੀਤੀ ਜਾ ਰਹੀ ਹੈ। ‘ਸਟ੍ਰੌਂਗ ਐਂਡ ਫ੍ਰੀ’ (ਮਜ਼ਬੂਤ ਅਤੇ ਆਜ਼ਾਦ) ਦੇ ਨਾਅਰੇ ਵਾਲੀ ਇਸ ਨਵੀਂ ਨੰਬਰ ਪਲੇਟ ਵਿੱਚ ਪ੍ਰਸਿੱਧ ਮੋਰੇਨ ਝੀਲ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ। ਸੂਬਾ ਵਾਸੀ 9 ਨਵੰਬਰ ਤੋਂ ਆਪਣੇ ਨੇੜਲੇ ਰਜਿਸਟਰੀ ਦਫ਼ਤਰਾਂ ਤੋਂ ਇਹ ਨਵੀਂ ਨੰਬਰ ਪਲੇਟ ਪ੍ਰਾਪਤ ਕਰ ਸਕਣਗੇ।
ਅਲਬਰਟਾ ਸਰਕਾਰ ਮੁਤਾਬਕ, ਨਵੀਂ ਨੰਬਰ ਪਲੇਟ ਦਾ ਵਿਸ਼ਾ ਸੂਬੇ ਦੀ ਮਜ਼ਬੂਤ ਪਛਾਣ, ਆਰਥਿਕ ਤਾਕਤ ਅਤੇ ਲੋਕਾਂ ਦੇ ਮਾਣ ਨੂੰ ਦਰਸਾਉਂਦਾ ਹੈ। ‘ਸਟ੍ਰੌਂਗ ਐਂਡ ਫ੍ਰੀ’ ਦਾ ਨਾਅਰਾ ਅਲਬਰਟਾ ਦੇ ਲਾਤੀਨੀ ਮਾਟੋ ਦੇ ਨਾਲ-ਨਾਲ ਕੈਨੇਡਾ ਦੇ ਕੌਮੀ ਗੀਤ ਦੀ ਵੀ ਯਾਦ ਦਿਵਾਉਂਦਾ ਹੈ। ਨਵੀਂ ਨੰਬਰ ਪਲੇਟ ਦਾ ਡਿਜ਼ਾਈਨ ਚੁਣਨ ਲਈ ਕਰਵਾਈ ਗਈ ਜਨਤਕ ਵੋਟਿੰਗ ਵਿੱਚ 2 ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ।
ਸਰਵਿਸ ਅਲਬਰਟਾ ਅਤੇ ਰੈੱਡ ਟੇਪ ਰਿਡਕਸ਼ਨ ਮੰਤਰੀ ਡੇਲ ਨੈਲੀ ਨੇ ਕਿਹਾ ਕਿ ਨਵੀਂ ਨੰਬਰ ਪਲੇਟ ਅਲਬਰਟਾ ਦੇ ਮਾਣ ਅਤੇ ਪਛਾਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਆਪਣੇ ਰੋਜ਼ਾਨਾ ਦੇ ਸਫ਼ਰ ਤੋਂ ਲੈ ਕੇ ਸੂਬੇ ਤੋਂ ਬਾਹਰ ਦੀ ਯਾਤਰਾ ਦੌਰਾਨ ਵੀ ਮਾਣ ਨਾਲ ਵਰਤ ਸਕਣਗੇ।
ਸਰਕਾਰ ਅਨੁਸਾਰ, ਜਿਹੜੇ ਵਾਹਨ ਮਾਲਕ ਆਪਣੀ ਪੁਰਾਣੀ ਨੰਬਰ ਪਲੇਟ ਦੀ ਥਾਂ ਨਵੀਂ ਪਲੇਟ ਲੈਣਾ ਚਾਹੁੰਦੇ ਹਨ, ਉਹ 20 ਡਾਲਰ ਸਰਕਾਰੀ ਫ਼ੀਸ ਅਤੇ 15 ਡਾਲਰ ਰਜਿਸਟਰੀ ਏਜੰਟ ਦੀ ਸੇਵਾ ਫ਼ੀਸ ਦੇ ਕੇ ਇਸ ਨੂੰ ਬਦਲਵਾ ਸਕਦੇ ਹਨ। ਇਸ ਤੋਂ ਇਲਾਵਾ, ਵਾਹਨ ਦੀ ਰਜਿਸਟ੍ਰੇਸ਼ਨ ਨਵਿਆਉਣ ਸਮੇਂ 15 ਡਾਲਰ ਦੀ ਸੇਵਾ ਫ਼ੀਸ ਅਤੇ ਲਾਗੂ ਨਵਿਆਉਣ ਵਾਲੀ ਫ਼ੀਸ ਦੇ ਕੇ ਵੀ ਨਵੀਂ ਪਲੇਟ ਲਈ ਜਾ ਸਕਦੀ ਹੈ।
ਹਾਲਾਂਕਿ, ਨਵੀਂ ਨੰਬਰ ਪਲੇਟ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੀ ਪਲੇਟ ਵਰਤਣ ਦੀ ਇਜਾਜ਼ਤ ਹੋਵੇਗੀ, ਬਸ਼ਰਤੇ ਉਹ ਚੰਗੀ ਹਾਲਤ ਵਿੱਚ ਹੋਵੇ। ਰਜਿਸਟ੍ਰੇਸ਼ਨ ਨਵਿਆਉਣ ਸਮੇਂ ਪਲੇਟ ਬਦਲਵਾਉਣੀ ਲਾਜ਼ਮੀ ਨਹੀਂ ਹੈ, ਜਦੋਂ ਤੱਕ ਪੁਰਾਣੀ ਪਲੇਟ ਚੋਰੀ ਨਾ ਹੋਈ ਹੋਵੇ, ਗੁੰਮ ਨਾ ਹੋ ਗਈ ਹੋਵੇ ਜਾਂ ਖਰਾਬ ਨਾ ਹੋਵੇ।
ਨਵੀਂ ਨੰਬਰ ਪਲੇਟ ਲੈਣ ਵਾਲੇ ਹਰੇਕ ਵਾਹਨ ਮਾਲਕ ਨੂੰ ਨਵਾਂ ਨੰਬਰ ਵੀ ਜਾਰੀ ਕੀਤਾ ਜਾਵੇਗਾ। ਇਸ ਲਈ ਵਾਹਨ ਮਾਲਕਾਂ ਨੂੰ ਆਪਣੀ ਬੀਮਾ ਕੰਪਨੀ ਕੋਲ ਨਵਾਂ ਨੰਬਰ ਅਪਡੇਟ ਕਰਵਾਉਣਾ ਪਵੇਗਾ। ਨਵੀਂ ਪਲੇਟ ਵਿੱਚ ਰਿਫਲੈਕਟਿਵ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਘੱਟ ਰੌਸ਼ਨੀ ਵਿੱਚ ਵੀ ਪੁਲਿਸ ਵੱਲੋਂ ਨੰਬਰ ਪੜ੍ਹਨਾ ਆਸਾਨ ਹੋਵੇਗਾ। ਇਸ ਤੋਂ ਇਲਾਵਾ, ਇਹ ਪਲੇਟ ਦਿੱਖ, ਪੜ੍ਹਨਯੋਗਤਾ ਅਤੇ ਨਕਲੀ ਪਲੇਟਾਂ ਦੀ ਰੋਕਥਾਮ ਸਬੰਧੀ ਕੌਮਾਂਤਰੀ ਮਾਪਦੰਡਾਂ ਨੂੰ ਵੀ ਪੂਰਾ ਕਰਦੀ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ਦੀ ਮੌਜੂਦਾ ਨੰਬਰ ਪਲੇਟ ਦਾ ਡਿਜ਼ਾਈਨ 1984 ਵਿੱਚ ਤਿਆਰ ਕੀਤਾ ਗਿਆ ਸੀ।














