ਐਚਆਈਵੀ ਮਾਮਲਿਆਂ ਵਿੱਚ ਵਾਧੇ ਕਾਰਨ ਮੈਨੀਟੋਬਾ ਸਰਕਾਰ ਵੱਲੋਂ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ

ਐਚਆਈਵੀ ਮਾਮਲਿਆਂ ਵਿੱਚ ਵਾਧੇ ਕਾਰਨ ਮੈਨੀਟੋਬਾ ਸਰਕਾਰ ਵੱਲੋਂ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ

ਮੈਨੀਟੋਬਾ-ਕੈਨੇਡਾ ਦੇ ਮੈਨੀਟੋਬਾ ਪ੍ਰੋਵਿੰਸ ਵਿੱਚ ਐਚਆਈਵੀ ਸੰਕਰਮਣ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ।ਪ੍ਰੋਵਿੰਸ ਦੇ ਮੁੱਖ ਸਿਹਤ ਅਧਿਕਾਰੀ ਡਾ. ਬਰੈਂਟ ਰੂਜ਼ਿਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੈਨੀਟੋਬਾ ਵਿੱਚ ਐਚਆਈਵੀ ਦੀ ਦਰ ਕੈਨੇਡਾ ਦੀਆਂ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਬਣ ਚੁੱਕੀ ਹੈ।ਉਨ੍ਹਾਂ ਦੇ ਅਨੁਸਾਰ ਸਾਲ 2024 ਦੌਰਾਨ ਮੈਨੀਟੋਬਾ ਵਿੱਚ ਹਰ ਇੱਕ ਲੱਖ ਲੋਕਾਂ ਪਿੱਛੇ 19.5 ਐਚਆਈਵੀ ਕੇਸ ਦਰਜ ਕੀਤੇ ਗਏ, ਜਦਕਿ ਕੈਨੇਡਾ ਦੀ ਰਾਸ਼ਟਰੀ ਦਰ ਸਿਰਫ਼ 5.5 ਕੇਸ ਪ੍ਰਤੀ ਇੱਕ ਲੱਖ ਲੋਕ ਰਹੀ। ਇਸ ਤਰ੍ਹਾਂ ਮੈਨੀਟੋਬਾ ਦੀ ਦਰ ਕੌਮੀ ਔਸਤ ਨਾਲੋਂ ਲਗਭਗ 3.5 ਗੁਣਾ ਵੱਧ ਰਹੀ।

ਸਿਹਤ ਵਿਭਾਗ ਮੁਤਾਬਕ 2024 ਵਿੱਚ ਮੈਨੀਟੋਬਾ ਵਿੱਚ 328 ਨਵੇਂ ਐਚਆਈਵੀ ਮਾਮਲੇ ਸਾਹਮਣੇ ਆਏ, ਜਦਕਿ 2021 ਵਿੱਚ ਇਹ ਗਿਣਤੀ 142 ਸੀ। ਡਾ. ਰੂਜ਼ਿਨ ਨੇ ਕਿਹਾ ਕਿ ਨਸ਼ਿਆਂ ਲਈ ਸੂਈਆਂ ਦੀ ਵਰਤੋਂ, ਬੇਘਰਾਂ ਦੀ ਵੱਧਦੀ ਗਿਣਤੀ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਇਲਾਜ ਤੱਕ ਪਹੁੰਚ ਵਿੱਚ ਆ ਰਹੀਆਂ ਰੁਕਾਵਟਾਂ ਇਸ ਵਾਧੇ ਦੇ ਮੁੱਖ ਕਾਰਨ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਆਦਿਵਾਸੀ ਭਾਈਚਾਰੇ ਇਸ ਬਿਮਾਰੀ ਨਾਲ ਹੋਰ ਭਾਈਚਾਰਿਆਂ ਦੇ ਮੁਕਾਬਲੇ ਵੱਧ ਪ੍ਰਭਾਵਿਤ ਹੋ ਰਹੇ ਹਨ।ਮੈਨੀਟੋਬਾ ਸਰਕਾਰ ਵੱਲੋਂ ਐਚਆਈਵੀ ਰੋਕਥਾਮ ਅਤੇ ਇਲਾਜ ਲਈ ਪਿਛਲੇ ਚਾਰ ਸਾਲਾਂ ਵਿੱਚ ਕਰੀਬ 8 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣ ਲਈ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।