ਕੈਨੇਡਾ ਨੇ ਪਹਿਲੀ ਵਾਰ ਨਾਟੋ ਦਾ 2 ਫੀਸਦੀ ਰੱਖਿਆ ਖਰਚਾ ਟਾਰਗੇਟ ਪੂਰਾ ਕੀਤਾ
ਓਟਵਾ-ਠੰਢੀ ਜੰਗ ਦੇ ਅੰਤ ਤੋਂ ਬਾਅਦ ਪਹਿਲੀ ਵਾਰ ਕੈਨੇਡਾ ਨੇ ਆਪਣੇ GDP ਦਾ ਲਗਭਗ 2 ਫੀਸਦੀ ਰੱਖਿਆ ‘ਤੇ ਖਰਚ ਕਰਕੇ ਨਾਟੋ ਦੇ ਮਹੱਤਵਪੂਰਨ ਟਾਰਗੇਟ ਨੂੰ ਪੂਰਾ ਕਰ ਲਿਆ ਹੈ।
ਨਾਟੋ ਦੇ ਅਨੁਮਾਨਾਂ ਮੁਤਾਬਕ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ 2025 ਲਈ ਇਹ ਲਕਸ਼ ਪੂਰਾ ਕਰਦੇ ਹੋਏ ਕਰੀਬ 63 ਅਰਬ ਡਾਲਰ ਤੋਂ ਵੱਧ ਰਕਮ ਰੱਖਿਆ ‘ਤੇ ਖਰਚ ਕੀਤੀ।
ਕਈ ਸਾਲਾਂ ਤੋਂ ਕੈਨੇਡਾ ‘ਤੇ ਉਸਦੇ ਸਾਥੀ ਦੇਸ਼ਾਂ, ਖ਼ਾਸ ਕਰਕੇ ਅਮਰੀਕਾ ਵੱਲੋਂ ਰੱਖਿਆ ਖਰਚ ਵਧਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਨਾਟੋ ਦੇ ਮਹਾਸਚਿਵ ਮਾਰਕ ਰੁੱਟੇ ਨੇ ਕਿਹਾ ਕਿ ਪਹਿਲੀ ਵਾਰ ਗਠਜੋੜ ਦੇ ਸਾਰੇ ਮੈਂਬਰ ਦੇਸ਼ਾਂ ਨੇ ਇਹ ਟਾਰਗੇਟ ਹਾਸਲ ਕੀਤਾ ਹੈ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਦੀ ਵੱਡੀ ਭੂਮਿਕਾ ਰਹੀ ਹੈ।
ਮਾਰਕ ਰੁੱਟੇ ਨੇ ਕਿਹਾ ਕਿ ਲੰਮੇ ਸਮੇਂ ਤੱਕ ਯੂਰਪ ਅਤੇ ਕੈਨੇਡਾ ਅਮਰੀਕੀ ਫੌਜੀ ਤਾਕਤ ‘ਤੇ ਜ਼ਰੂਰਤ ਤੋਂ ਵੱਧ ਨਿਰਭਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਪੇਨ, ਇਟਲੀ, ਬੈਲਜੀਅਮ ਅਤੇ ਕੈਨੇਡਾ ਵਰਗੇ ਵੱਡੇ ਦੇਸ਼ ਪਹਿਲਾਂ ਇਸ ਟਾਰਗੇਟ ਤੋਂ ਕਾਫ਼ੀ ਪਿੱਛੇ ਸਨ।
ਮਾਰਕ ਕਾਰਨੀ ਨੇ ਆਪਣੀ ਲੀਡਰਸ਼ਿਪ ਮੁਹਿੰਮ ਦੌਰਾਨ ਇਹ ਟਾਰਗੇਟ 2030 ਤੱਕ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਜੋ ਕਿ ਜਸਟਿਨ ਟਰੂਡੋ ਸਰਕਾਰ ਦੇ ਟਾਈਮਲਾਈਨ ਨਾਲੋਂ ਦੋ ਸਾਲ ਪਹਿਲਾਂ ਸੀ। ਪਰ ਪਿਛਲੇ ਸਾਲ ਉਨ੍ਹਾਂ ਨੇ ਅਚਾਨਕ ਐਲਾਨ ਕਰਦੇ ਹੋਏ ਇਸਨੂੰ ਤੁਰੰਤ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ।
ਪਹਿਲਾਂ ਕਈ ਫੈਡਰਲ ਨੇਤਾਵਾਂ ਲਈ ਇਹ ਟਾਰਗੇਟ ਹਾਸਲ ਕਰਨਾ ਮੁਸ਼ਕਲ ਮੰਨਿਆ ਜਾਂਦਾ ਸੀ। ਸਾਬਕਾ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਸੀ ਕਿ ਇੰਨੀ ਵੱਡੀ ਰਕਮ ਨੂੰ ਇੱਕ ਸਾਲ ਵਿੱਚ ਖਰਚ ਕਰਨਾ ਅਸਾਨ ਨਹੀਂ, ਕਿਉਂਕਿ ਫੌਜ ਲਈ ਲੋੜੀਂਦੇ ਸਾਜੋ-ਸਮਾਨ ਦੀ ਖਰੀਦ ਪ੍ਰਕਿਰਿਆ ਸਮਾਂ ਲੈਂਦੀ ਹੈ।
ਇਸ ਤੋਂ ਪਹਿਲਾਂ, ਜਸਟਿਨ ਟਰੂਡੋ ਨੇ ਵੀ ਇਸ ਟਾਰਗੇਟ ਨੂੰ “ਗਿਣਤੀ ਦਾ ਖੇਡ” ਦੱਸਦੇ ਹੋਏ ਕਿਹਾ ਸੀ ਕਿ ਇਹ ਹਮੇਸ਼ਾ ਦੇਸ਼ ਦੀ ਸੁਰੱਖਿਆ ਨੂੰ ਸਿੱਧਾ ਮਜ਼ਬੂਤ ਨਹੀਂ ਕਰਦਾ।
ਯਾਦ ਰਹੇ ਕਿ 2014 ਵਿੱਚ ਨਾਟੋ ਦੇ ਵੇਲਜ਼ ਸਮਿੱਟ ਦੌਰਾਨ ਕੈਨੇਡਾ ਨੇ ਦਸ ਸਾਲਾਂ ਵਿੱਚ 2 ਫੀਸਦੀ ਰੱਖਿਆ ਖਰਚ ਹਾਸਲ ਕਰਨ ਦਾ ਵਾਅਦਾ ਕੀਤਾ ਸੀ।
ਹੁਣ ਇਹ ਟਾਰਗੇਟ ਹਾਸਲ ਕਰਨਾ ਸਿਰਫ਼ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ, ਕਿਉਂਕਿ ਕੈਨੇਡਾ ਨੂੰ ਆਪਣੀ ਫੌਜੀ ਤਾਕਤ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਸ ਪੱਧਰ ਦੇ ਖਰਚ ਨੂੰ ਲਗਾਤਾਰ ਜਾਰੀ ਰੱਖਣ ਦੀ ਚੁਣੌਤੀ ਵੀ ਸਾਹਮਣੇ ਹੈ।
ਮਾਰਕ ਕਾਰਨੀ ਨੇ 2035 ਤੱਕ ਨਾਟੋ ਦੇ ਨਵੇਂ 5 ਫੀਸਦੀ ਰੱਖਿਆ ਖਰਚ ਟਾਰਗੇਟ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਹੈ।
















