ਬੀ.ਸੀ. ਦੇ ਜੰਗਲਾਂ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਕੇਂਦਰ ਸਰਕਾਰ ਵੱਲੋਂ ਰਾਹਤ ਮਨਜ਼ੂਰ
ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਜੰਗਲਾਂ ਦੀਆਂ ਅੱਗਾਂ ਕਾਰਨ ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਕੇਂਦਰ ਸਰਕਾਰ ਨੇ ਰਹਿਣ-ਸਹਿਣ ਅਤੇ ਆਸਰਾ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਮਦਦ ਦੀ ਬੇਨਤੀ ਮਨਜ਼ੂਰ ਕਰ ਲਈ ਹੈ।ਐਮਰਜੈਂਸੀ ਮੈਨੇਜਮੈਂਟ ਮੰਤਰੀ ਐਲਿਨੋਰ ਓਲਜ਼ੇਵਸਕੀ ਨੇ ਕਿਹਾ ਕਿ ਕੇਂਦਰੀ ਅਧਿਕਾਰੀਆਂ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਤਾਂ ਜੋ ਮਦਦ ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ।
ਪੈਂਟਿਕਟਨ ਦੇ ਇੱਕ ਐਵੈਕੂਏਸ਼ਨ ਸੈਂਟਰ ਵਿੱਚ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਹ ਘੰਟਿਆਂ ਤੱਕ ਰਜਿਸਟ੍ਰੇਸ਼ਨ ਦੀ ਉਡੀਕ ਕਰਦੇ ਰਹੇ ਅਤੇ ਕਈ ਲੋਕਾਂ ਨੂੰ ਵਾਹਨਾਂ ਵਿੱਚ ਰਾਤਾਂ ਕੱਟਣੀਆਂ ਪਈਆਂ।ਸਮਰਲੈਂਡ, ਓਕਾਨਾਗਨ-ਸਿਮਿਲਕੀਮੀਨ ਰੀਜਨਲ ਡਿਸਟ੍ਰਿਕਟ ਅਤੇ ਪੈਂਟਿਕਟਨ ਇੰਡੀਅਨ ਬੈਂਡ ਦੇ ਲੋਕ ਪੈਂਟਿਕਟਨ ਟ੍ਰੇਡ ਐਂਡ ਕਨਵੈਨਸ਼ਨ ਸੈਂਟਰ ਵਿੱਚ ਪਨਾਹ ਲੈ ਰਹੇ ਹਨ। ਉਹ ਆਪਣੇ ਘਰਾਂ ਦੀ ਸਥਿਤੀ ਬਾਰੇ ਜਾਣਕਾਰੀ ਦੀ ਉਡੀਕ ਕਰ ਰਹੇ ਹਨ।ਇਨ੍ਹਾਂ ਇਲਾਕਿਆਂ ਵਿੱਚ ਕਰੀਬ 10,000 ਘਰਾਂ ਲਈ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ 3,200 ਤੋਂ ਵੱਧ ਘਰਾਂ ਨੂੰ ਐਵੈਕੂਏਸ਼ਨ ਅਲਰਟ ਹੇਠ ਰੱਖਿਆ ਗਿਆ ਹੈ।
ਸਮਰਲੈਂਡ ਅਤੇ ਪੀਚਲੈਂਡ ਇਲਾਕੇ ਵਿੱਚ ਸਥਿਤੀ ਖ਼ਾਸ ਤੌਰ ’ਤੇ ਗੰਭੀਰ ਬਣੀ ਹੋਈ ਹੈ। ਬਾਲਡ ਰੇਂਜ ਜੰਗਲ ਦੀ ਅੱਗ ਸ਼ਨੀਵਾਰ ਤੱਕ 100 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲ ਗਈ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਛੱਡਣੇ ਪਏ।ਪੀਚਲੈਂਡ ਦੇ ਮੇਅਰ ਪੈਟ੍ਰਿਕ ਵੈਨ ਮਿਨਸਲ ਨੇ ਕਿਹਾ ਕਿ ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਕੁਝ ਹੀ ਘੰਟਿਆਂ ਵਿੱਚ ਇੱਕ ਛੋਟੀ ਅੱਗ ਭਿਆਨਕ ਅੱਗ ਵਿੱਚ ਬਦਲ ਗਈ।
ਮੇਅਰ ਮੁਤਾਬਕ ਪੀਚਲੈਂਡ ਤੋਂ ਲਗਭਗ 1,200 ਤੋਂ 1,500 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਦਕਿ ਕਰੀਬ 1,000 ਹੋਰ ਲੋਕ ਐਵੈਕੂਏਸ਼ਨ ਅਲਰਟ ਹੇਠ ਹਨ।ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸ਼ਨੀਵਾਰ ਨੂੰ ਸੂਬੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਾਲਡ ਰੇਂਜ ਦੀ ਅੱਗ ਨੇ ਸੂਬੇ ਵਿੱਚ ਜੰਗਲਾਂ ਦੀ ਅੱਗ ਦੀ ਸਥਿਤੀ ਨੂੰ ਗੰਭੀਰ ਮੋੜ ਦਿੱਤਾ ਹੈ।ਪੈਂਟਿਕਟਨ ਦੇ ਰਾਹਤ ਕੇਂਦਰ ਵਿੱਚ ਰਜਿਸਟ੍ਰੇਸ਼ਨ ਲਈ ਲੰਬੀਆਂ ਕਤਾਰਾਂ ਲੱਗਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ। ਕੁਝ ਲੋਕਾਂ ਨੇ ਕਰੀਬ 14 ਘੰਟੇ ਤੱਕ ਉਡੀਕ ਕਰਨ ਦੀ ਗੱਲ ਕਹੀ।ਬੀ.ਸੀ. ਦੀ ਐਮਰਜੈਂਸੀ ਮੈਨੇਜਮੈਂਟ ਮੰਤਰੀ ਕੈਲੀ ਗਰੀਨ ਨੇ ਕਿਹਾ ਕਿ ਰਿਸੈਪਸ਼ਨ ਸੈਂਟਰਾਂ ਵਿੱਚ ਬਹੁਤ ਜ਼ਿਆਦਾ ਭੀੜ ਹੈ ਅਤੇ ਲੋਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।ਕੇਂਦਰ ਅਤੇ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
















