ਮੌਤ ਜਾਂਚ ਪ੍ਰਣਾਲੀ ਮਜ਼ਬੂਤ ਕਰਨ ਲਈ ਅਲਬਰਟਾ ਸਰਕਾਰ ਵੱਲੋਂ ਵੱਡਾ ਨਿਵੇਸ਼

ਮੌਤ ਜਾਂਚ ਪ੍ਰਣਾਲੀ ਮਜ਼ਬੂਤ ਕਰਨ ਲਈ ਅਲਬਰਟਾ ਸਰਕਾਰ ਵੱਲੋਂ ਵੱਡਾ ਨਿਵੇਸ਼

ਐਡਮੰਟਨ-ਅਲਬਰਟਾ ਸਰਕਾਰ ਨੇ ਮੌਤ ਜਾਂਚ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਦੁਖੀ ਪਰਿਵਾਰਾਂ ਨੂੰ ਜਲਦੀ ਜਵਾਬ ਮੁਹੱਈਆ ਕਰਵਾਉਣ ਲਈ ਮਹੱਤਵਪੂਰਨ ਢਾਂਚਾਗਤ ਅਤੇ ਤਕਨੀਕੀ ਨਿਵੇਸ਼ ਦਾ ਐਲਾਨ ਕੀਤਾ ਹੈ।ਬਜਟ 2026 ਤਹਿਤ ਸਰਕਾਰ ਨੇ ਐਡਮੰਟਨ ਵਿੱਚ Office of the Chief Medical Examiner (OCME) ਲਈ ਨਵੀਂ ਇਮਾਰਤ ਬਣਾਉਣ ਵਾਸਤੇ ਅਗਲੇ ਚਾਰ ਸਾਲਾਂ ਵਿੱਚ 125 ਮਿਲੀਅਨ ਡਾਲਰ ਰਾਖਵੇਂ ਕੀਤੇ ਹਨ। ਇਸ ਤੋਂ ਇਲਾਵਾ, ਟਾਕਸੀਕੋਲੋਜੀ ਉਪਕਰਣਾਂ ਦੀ ਬਦਲੀ ਅਤੇ ਅਧੁਨੀਕੀਕਰਨ ਲਈ 4.4 ਮਿਲੀਅਨ ਡਾਲਰ ਦੀ ਰਕਮ ਵੀ ਰੱਖੀ ਗਈ ਹੈ, ਜਿਸ ਨਾਲ ਨਵੇਂ ਅਤੇ ਖਤਰਨਾਕ ਸਿੰਥੈਟਿਕ ਨਸ਼ਿਆਂ ਦੀ ਪਛਾਣ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇਗੀ।

ਸਰਕਾਰ ਅਨੁਸਾਰ ਨਵੀਂ ਐਡਮੰਟਨ ਫੈਸਿਲਟੀ ਮੌਤ ਜਾਂਚ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ, ਜਿਸ ਨਾਲ ਦੁਖੀ ਪਰਿਵਾਰਾਂ ਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇਗੀ। ਇਸ ਨਵੀਂ ਇਮਾਰਤ ਵਿੱਚ ਜਾਂਚਾਂ ਅਤੇ ਪੋਸਟਮਾਰਟਮ ਲਈ ਵਧੇਰੇ ਅਤੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਜਗ੍ਹਾ, ਲੈਬ ਅਤੇ ਸਟੋਰੇਜ ਸਮਰੱਥਾ ਵਿੱਚ ਵਾਧਾ, ਅਤੇ ਜਟਿਲ ਮਾਮਲਿਆਂ ਜਾਂ ਵੱਡੇ ਹਾਦਸਿਆਂ ਨਾਲ ਨਜਿੱਠਣ ਦੀ ਵਧੀਆ ਸਹੂਲਤ ਹੋਵੇਗੀ।

ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਮਿੱਕੀ ਐਮਰੀ ਨੇ ਕਿਹਾ ਕਿ ਨਵੀਂ ਇਮਾਰਤ ਅਤੇ ਅਧੁਨਿਕ ਤਕਨੀਕੀ ਸਾਜੋ-ਸਾਮਾਨ ਰਾਹੀਂ ਸਰਕਾਰ ਉਸ ਸੇਵਾ ਨੂੰ ਮਜ਼ਬੂਤ ਕਰ ਰਹੀ ਹੈ ਜਿਸ ’ਤੇ ਅਲਬਰਟਾ ਵਾਸੀ ਆਪਣੇ ਸਭ ਤੋਂ ਮੁਸ਼ਕਲ ਸਮਿਆਂ ਦੌਰਾਨ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਰਿਵਾਰਾਂ ਨੂੰ ਜਲਦੀ ਜਵਾਬ ਮਿਲਣਗੇ ਅਤੇ ਨਿਆਂ ਪ੍ਰਣਾਲੀ ਨੂੰ ਵੀ ਮਜ਼ਬੂਤੀ ਮਿਲੇਗੀ।

ਇੰਫਰਾਸਟਰੱਕਚਰ ਮੰਤਰੀ ਮਾਰਟਿਨ ਲਾਂਗ ਨੇ ਕਿਹਾ ਕਿ 1983 ਵਿੱਚ ਬਣੀ ਪੁਰਾਣੀ ਇਮਾਰਤ ਦੀ ਥਾਂ ਨਵੀਂ ਆਧੁਨਿਕ ਫੈਸਿਲਟੀ ਬਣਾਉਣਾ ਸਿਰਫ ਜਗ੍ਹਾ ਵਧਾਉਣ ਦੀ ਗੱਲ ਨਹੀਂ, ਸਗੋਂ ਪਰਿਵਾਰਾਂ ਦੀ ਮਦਦ ਕਰਨ ਵੱਲ ਇਕ ਅਹਿਮ ਕਦਮ ਹੈ।ਉੱਧਰ, ਅਲਬਰਟਾ ਦੇ ਮੁੱਖ ਮੈਡੀਕਲ ਏਗਜ਼ਾਮਿਨਰ ਅਕਮਲ ਕੋਇਟਜ਼ੀ-ਖਾਨ ਨੇ ਕਿਹਾ ਕਿ ਨਵੀਂ ਸੁਵਿਧਾ ਮੈਡੀਕਲ ਜਾਂਚ ਸੇਵਾਵਾਂ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਜਾਂਚਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ ਬਣਾਉਣ ਵਿੱਚ ਸਹਾਇਕ ਹੋਵੇਗੀ।

ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਨਵੇਂ ਟਾਕਸੀਕੋਲੋਜੀ ਉਪਕਰਣ ਮ੍ਰਿਤਕ ਵਿਅਕਤੀਆਂ ਵਿੱਚ ਸ਼ਰਾਬ, ਨਸ਼ਿਆਂ ਅਤੇ ਓਪੀਓਇਡਜ਼ ਦੀ ਪਛਾਣ ਅਤੇ ਮਾਪ ਵਿੱਚ ਹੋਰ ਸਹੀ ਨਤੀਜੇ ਦੇਣਗੇ। ਇਸ ਨਾਲ ਲੈਬ ਦੀ ਕਾਰਗੁਜ਼ਾਰੀ, ਗਤੀ ਅਤੇ ਭਰੋਸੇਯੋਗਤਾ ਵਿੱਚ ਵੀ ਸੁਧਾਰ ਆਵੇਗਾ।ਗੌਰਤਲਬ ਹੈ ਕਿ ਐਡਮੰਟਨ OCME ਦੀ ਮੌਜੂਦਾ ਇਮਾਰਤ 1983 ਵਿੱਚ ਬਣੀ ਸੀ ਅਤੇ ਉਸ ਸਮੇਂ ਤੋਂ ਅਲਬਰਟਾ ਦੀ ਆਬਾਦੀ ਦੋਗੁਣੀ ਤੋਂ ਵੀ ਵੱਧ ਹੋ ਚੁੱਕੀ ਹੈ। ਨਵੀਂ ਫੈਸਿਲਟੀ ਨੂੰ ਪੂਰਾ ਹੋਣ ਵਿੱਚ ਲਗਭਗ ਚਾਰ ਸਾਲ ਲੱਗਣ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ, ਅਲਬਰਟਾ ਦੀ ਟਾਕਸੀਕੋਲੋਜੀ ਲੈਬ ਨਾਰਥਵੈਸਟ ਟੈਰੀਟਰੀਜ਼, ਨੁਨਾਵੁਟ, ਸਸਕਾਚਵਨ ਅਤੇ ਮੈਨਿਟੋਬਾ ਦੇ ਕੁਝ ਮਾਮਲਿਆਂ ਵਿੱਚ ਵੀ ਸੇਵਾਵਾਂ ਪ੍ਰਦਾਨ ਕਰਦੀ ਹੈ।