ਕੈਨੇਡਾ ਨੇ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਦੀ ਸਪਾਂਸਰਸ਼ਿਪ ਲਈ ਨਵੀਆਂ ਅਰਜ਼ੀਆਂ 'ਤੇ ਲਾਈ ਰੋਕ
ਓਟਾਵਾ: ਕੈਨੇਡਾ ਦੀ ਸੰਘੀ ਸਰਕਾਰ ਨੇ ਪਰਿਵਾਰਕ ਮਿਲਾਪ (Family Reunification) ਤਹਿਤ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਨੂੰ ਸਥਾਈ ਨਿਵਾਸ (Permanent Residence) ਲਈ ਸਪਾਂਸਰ ਕਰਨ ਵਾਲੇ ਪ੍ਰੋਗਰਾਮ ਵਿੱਚ ਇਸ ਸਾਲ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਹ ਕਦਮ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੰਬੇ ਹੋ ਰਹੇ ਉਡੀਕ ਸਮੇਂ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ। ਵਿਭਾਗ ਅਨੁਸਾਰ ਇਸ ਵੇਲੇ ਇਸ ਪ੍ਰੋਗਰਾਮ ਅਧੀਨ 60,500 ਅਰਜ਼ੀਆਂ ਪਹਿਲਾਂ ਹੀ ਪ੍ਰਕਿਰਿਆ ਅਧੀਨ ਹਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਔਸਤਨ 33 ਮਹੀਨੇ, ਜਦਕਿ ਕਿਊਬੈਕ ਵਿੱਚ 66 ਮਹੀਨੇ ਤੱਕ ਦਾ ਸਮਾਂ ਲੱਗ ਰਿਹਾ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਰੋਕ ਦਾ ਅਸਰ 2026 ਅਤੇ 2027 ਵਿੱਚ 15,000 ਲੋਕਾਂ ਨੂੰ ਇਸ ਪ੍ਰੋਗਰਾਮ ਤਹਿਤ ਸਥਾਈ ਨਿਵਾਸ ਦੇਣ ਦੇ ਟੀਚੇ 'ਤੇ ਨਹੀਂ ਪਵੇਗਾ। ਪਿਛਲੇ ਸਾਲ ਜਾਰੀ ਕੀਤੀ ਗਈ ਇਮੀਗ੍ਰੇਸ਼ਨ ਯੋਜਨਾ ਮੁਤਾਬਕ 2026 ਤੋਂ 2028 ਤੱਕ ਹਰ ਸਾਲ 3.80 ਲੱਖ ਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਦਾਖ਼ਲਾ ਦੇਣ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਅਸਥਾਈ ਵਰਕ ਪਰਮਿਟਾਂ ਅਤੇ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਵੀ ਘਟਾਈ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਆਬਾਦੀ ਵਾਧੇ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲੇਗੀ। ਇਮੀਗ੍ਰੇਸ਼ਨ ਵਿਭਾਗ ਕਈ ਸਾਲਾਂ ਤੋਂ ਬੈਕਲਾਗ ਨਾਲ ਜੂਝ ਰਿਹਾ ਹੈ।
30 ਅਪ੍ਰੈਲ 2026 ਤੱਕ ਵੱਖ-ਵੱਖ ਸ਼੍ਰੇਣੀਆਂ ਵਿੱਚ 21 ਲੱਖ ਤੋਂ ਵੱਧ ਅਰਜ਼ੀਆਂ ਲੰਬਿਤ ਸਨ, ਜਿਨ੍ਹਾਂ ਵਿੱਚੋਂ 9.22 ਲੱਖ ਤੋਂ ਵੱਧ ਅਰਜ਼ੀਆਂ ਸਰਕਾਰੀ ਸੇਵਾ ਮਾਪਦੰਡਾਂ ਤੋਂ ਵੱਧ ਸਮੇਂ ਤੋਂ ਬਕਾਇਆ ਸਨ। ਸਰਕਾਰ ਨੇ ਕਿਹਾ ਹੈ ਕਿ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਦੀ ਸਪਾਂਸਰਸ਼ਿਪ ਲਈ ਨਵੀਆਂ ਅਰਜ਼ੀਆਂ 'ਤੇ ਇਹ ਰੋਕ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਹਾਲਾਂਕਿ, ਕੈਨੇਡਾ ਦੇ ਨਾਗਰਿਕ ਅਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਜਾਂ ਦਾਦਾ-ਦਾਦੀ/ਨਾਨਾ-ਨਾਨੀ ਲਈ ਸੁਪਰ ਵੀਜ਼ਾ ਅਧੀਨ ਅਰਜ਼ੀ ਦੇ ਸਕਣਗੇ, ਜਿਸ ਰਾਹੀਂ ਉਹ ਇੱਕ ਵਾਰ ਵਿੱਚ ਪੰਜ ਸਾਲ ਤੱਕ ਅਤੇ ਕੁੱਲ 10 ਸਾਲ ਤੱਕ ਅਸਥਾਈ ਤੌਰ 'ਤੇ ਕੈਨੇਡਾ ਵਿੱਚ ਰਹਿ ਸਕਣਗੇ।
















