ਕੈਲਗਰੀ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਬਰਾਮਦਗੀ, 41 ਸਾਲਾ ਵਿਅਕਤੀ ਖ਼ਿਲਾਫ਼ 36 ਮਾਮਲੇ ਦਰਜ

ਕੈਲਗਰੀ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਬਰਾਮਦਗੀ, 41 ਸਾਲਾ ਵਿਅਕਤੀ ਖ਼ਿਲਾਫ਼ 36 ਮਾਮਲੇ ਦਰਜ

ਕੈਲਗਰੀ-ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਪੁਲਿਸ ਨੇ ਇੱਕ ਚੋਰੀ ਹੋਏ ਵਾਹਨ ਦਾ ਪਿੱਛਾ ਕਰਦਿਆਂ ਦੋ ਲੋਡਿਡ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।ਪੁਲਿਸ ਮੁਤਾਬਕ 21 ਅਗਸਤ ਨੂੰ ਬੈਲਟਲਾਈਨ ਇਲਾਕੇ ਵਿੱਚ ਇੱਕ ਚੋਰੀ ਹੋਇਆ ਟੋਯੋਟਾ ਟੁੰਡਰਾ ਨਜ਼ਰ ਆਇਆ। ਪੁਲਿਸ ਅਧਿਕਾਰੀਆਂ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕਥਿਤ ਤੌਰ ’ਤੇ ਗੱਡੀ ਭਜਾ ਕੇ ਲੈ ਗਿਆ।

ਕੁਝ ਦੂਰੀ ’ਤੇ ਟੁੰਡਰਾ ਲਾਵਾਰਿਸ ਹਾਲਤ ਵਿੱਚ ਮਿਲਿਆ। ਕੁਝ ਮਿੰਟਾਂ ਬਾਅਦ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਟੈਕਸੀ ਲੈਂਦਿਆਂ ਦੇਖਿਆ ਗਿਆ। ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਹ ਕਥਿਤ ਤੌਰ ’ਤੇ ਪੈਦਲ ਭੱਜ ਗਿਆ।

ਪੁਲਿਸ ਮੁਤਾਬਕ ਥੋੜ੍ਹੀ ਦੇਰ ਪਿੱਛਾ ਕਰਨ ਤੋਂ ਬਾਅਦ ਪੁਲਿਸ ਦੇ ਕੁੱਤੇ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਇੱਕ MAC-11 9mm ਸੈਮੀ-ਆਟੋਮੈਟਿਕ ਪਿਸਤੌਲ, ਇੱਕ ਰਿਵਾਲਵਰ ਅਤੇ ਇੱਕ ਸਾਇਲੈਂਸਰ ਬਰਾਮਦ ਹੋਇਆ।ਵਾਹਨ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਥੋੜ੍ਹੀ ਮਾਤਰਾ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ, 15 ਹੈਂਡਗਨ ਰਿਸੀਵਰ, ਪੰਜ ਹੋਰ ਸਾਇਲੈਂਸਰ, 13 ਵੱਡੀ ਸਮਰੱਥਾ ਵਾਲੀਆਂ ਮੈਗਜ਼ੀਨਾਂ ਅਤੇ ਕਈ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤੇ।ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੇ ਪਿਸਤੌਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਥਿਆਰ ਅਮਰੀਕਾ ਦੇ ਟੈਕਸਸ ਸੂਬੇ ਤੋਂ ਖਰੀਦ ਕੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਲਿਆਂਦੇ ਗਏ ਸਨ।

41 ਸਾਲਾ ਜੇਰੇਮੀ ਸੌਵੇ ਖ਼ਿਲਾਫ਼ ਕੁੱਲ 36 ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰੀ ਸਮੇਂ ਉਹ ਪਹਿਲਾਂ ਤੋਂ ਹੀ ਅੱਠ ਵੱਖ-ਵੱਖ ਵਾਰੰਟਾਂ ਵਿੱਚ ਲੋੜੀਂਦਾ ਸੀ, ਜਿਨ੍ਹਾਂ ਵਿੱਚ ਪੁਲਿਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣਾ, ਅਦਾਲਤ ਵਿੱਚ ਪੇਸ਼ ਨਾ ਹੋਣਾ ਅਤੇ ਕਾਨੂੰਨੀ ਹਿਰਾਸਤ ਤੋਂ ਫਰਾਰ ਹੋਣਾ ਸ਼ਾਮਲ ਹੈ।ਜੇਰੇਮੀ ਸੌਵੇ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ 14 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ।