ਐਮਵੀ ਹੋਂਡੀਅਸ ਜਹਾਜ਼ ਤੋਂ ਆ ਰਹੇ ਚਾਰ ਕੈਨੇਡੀਅਨਾਂ ਬਾਰੇ ਡਾ. ਬੋਨੀ ਹੈਨਰੀ ਦਾ ਬਿਆਨ

ਐਮਵੀ ਹੋਂਡੀਅਸ ਜਹਾਜ਼ ਤੋਂ ਆ ਰਹੇ ਚਾਰ ਕੈਨੇਡੀਅਨਾਂ ਬਾਰੇ ਡਾ. ਬੋਨੀ ਹੈਨਰੀ ਦਾ ਬਿਆਨ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਹੈਲਥ ਅਫਸਰ Dr. Bonnie Henry ਨੇ ਐਮਵੀ ਹੋਂਡੀਅਸ ਜਹਾਜ਼ ਤੋਂ ਬੀ.ਸੀ. ਪਹੁੰਚ ਰਹੇ ਚਾਰ ਕੈਨੇਡੀਅਨਾਂ ਸਬੰਧੀ ਬਿਆਨ ਜਾਰੀ ਕੀਤਾ ਹੈ।ਇਹ ਚਾਰੇ ਵਿਅਕਤੀ ਐਤਵਾਰ ਨੂੰ ਕੈਨੇਡਾ ਸਰਕਾਰ ਵੱਲੋਂ ਪ੍ਰਬੰਧਿਤ ਵਿਸ਼ੇਸ਼ ਜਹਾਜ਼ ਰਾਹੀਂ ਬ੍ਰਿਟਿਸ਼ ਕੋਲੰਬੀਆ ਪਹੁੰਚਣਗੇ। ਉਨ੍ਹਾਂ ਨਾਲ ਇੱਕ ਕਵਾਰੰਟੀਨ ਅਧਿਕਾਰੀ ਵੀ ਮੌਜੂਦ ਹੋਵੇਗਾ। ਅਧਿਕਾਰੀਆਂ ਮੁਤਾਬਕ ਚਾਰਾਂ ਵਿੱਚੋਂ ਕਿਸੇ ਵਿੱਚ ਵੀ ਹੰਟਾਵਾਇਰਸ ਦੇ ਲੱਛਣ ਨਹੀਂ ਪਾਏ ਗਏ।

ਡਾ. ਬੋਨੀ ਹੈਨਰੀ ਨੇ ਕਿਹਾ ਕਿ ਬੀ.ਸੀ. ਪਹੁੰਚਣ ਤੋਂ ਬਾਅਦ ਸਥਾਨਕ ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਪਹਿਲਾਂ ਤੋਂ ਨਿਰਧਾਰਤ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾਵੇਗਾ, ਜਿੱਥੇ ਉਹ 21 ਦਿਨਾਂ ਲਈ ਸਵੈ-ਇਕਾਂਤਵਾਸ ਵਿੱਚ ਰਹਿਣਗੇ। ਇਸ ਦੌਰਾਨ ਜਨਤਕ ਸਿਹਤ ਟੀਮਾਂ ਵੱਲੋਂ ਰੋਜ਼ਾਨਾ ਨਿਗਰਾਨੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹੰਟਾਵਾਇਰਸ ਦੇ ਇੰਕਿਊਬੇਸ਼ਨ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇਕਾਂਤਵਾਸ ਮਿਆਦ ਲੋੜ ਪੈਣ ‘ਤੇ 42 ਦਿਨਾਂ ਤੱਕ ਵੀ ਵਧਾਈ ਜਾ ਸਕਦੀ ਹੈ।ਸਿਹਤ ਵਿਭਾਗ ਮੁਤਾਬਕ ਇਕਾਂਤਵਾਸ ਦੌਰਾਨ ਇਹ ਵਿਅਕਤੀ ਆਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਰੱਖਣਗੇ ਅਤੇ ਉਨ੍ਹਾਂ ਦੀ ਸਿਹਤ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾਵੇਗੀ। ਜੇਕਰ ਕਿਸੇ ਵਿੱਚ ਲੱਛਣ ਵਿਕਸਿਤ ਹੁੰਦੇ ਹਨ ਤਾਂ ਮਾਹਿਰ ਡਾਕਟਰੀ ਟੀਮਾਂ ਉਨ੍ਹਾਂ ਦਾ ਸੁਰੱਖਿਅਤ ਇਲਾਜ ਕਰਨ ਲਈ ਤਿਆਰ ਹਨ।

ਡਾ. ਹੈਨਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਤਜਰਬਿਆਂ ਕਾਰਨ ਲੋਕਾਂ ਵਿੱਚ ਚਿੰਤਾ ਹੋਣਾ ਸਵਭਾਵਿਕ ਹੈ, ਪਰ ਹੰਟਾਵਾਇਰਸ ਕੋਵਿਡ ਵਰਗੇ ਸਾਸ ਸੰਬੰਧੀ ਵਾਇਰਸਾਂ ਤੋਂ ਕਾਫ਼ੀ ਵੱਖਰਾ ਹੈ ਅਤੇ ਇਹ ਉਸ ਤਰ੍ਹਾਂ ਫੈਲਣ ਵਾਲੀ ਬਿਮਾਰੀ ਨਹੀਂ ਜਿਸਨੂੰ ਮਹਾਮਾਰੀ ਦਾ ਰੂਪ ਧਾਰਣ ਦਾ ਖਤਰਾ ਹੋਵੇ।ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਨਤਕ ਸੁਰੱਖਿਆ ਲਈ ਸਾਰੇ ਸਿਹਤ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ ਅਤੇ ਪੂਰੀ ਸਥਿਤੀ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰੇ ਵਿਅਕਤੀ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਹਨ, ਇਸ ਲਈ ਉਹ ਇੱਥੇ ਇਕਾਂਤਵਾਸ ਵਿੱਚ ਰਹਿਣਗੇ।