ਅਲਬਰਟਾ ਦੇ ਵੱਖਵਾਦੀ ਆਗੂ ਜੈਫਰੀ ਰਾਥ ਦੀ ਕਰੋੜਾਂ ਡਾਲਰ ਦੀ ਸੰਪਤੀ 'ਤੇ ਲੱਗੀ ਰੋਕ ਜਾਰੀ
ਐਡਮੰਟਨ: ਅਲਬਰਟਾ ਦੀ ਇੱਕ ਅਦਾਲਤ ਨੇ ਸੂਬੇ ਦੇ ਚਰਚਿਤ ਵੱਖਵਾਦੀ ਆਗੂ ਅਤੇ ਵਕੀਲ ਜੈਫਰੀ ਰਾਥ ਦੀ ਕਰੋੜਾਂ ਡਾਲਰ ਦੀ ਸੰਪਤੀ 'ਤੇ ਲੱਗੀ ਅਸਥਾਈ ਰੋਕ (ਇੰਜੰਕਸ਼ਨ) ਨੂੰ ਹੋਰ ਵਧਾ ਦਿੱਤਾ ਹੈ। ਇਹ ਮਾਮਲਾ ਟਾਲਕਰੀ ਫਰਸਟ ਨੇਸ਼ਨ ਦੇ ਕਰੋੜਾਂ ਡਾਲਰ ਦੇ ਟਰੱਸਟ ਫੰਡ ਨੂੰ ਲੈ ਕੇ ਚੱਲ ਰਹੇ ਕਾਨੂੰਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਜਸਟਿਸ ਜੌਨ ਗਿੱਲ ਨੇ ਕਿਹਾ ਕਿ ਅਦਾਲਤ ਸਾਹਮਣੇ ਅਜਿਹੇ ਸਬੂਤ ਹਨ, ਜਿਨ੍ਹਾਂ ਤੋਂ ਇਹ ਖ਼ਤਰਾ ਨਜ਼ਰ ਆਉਂਦਾ ਹੈ ਕਿ ਟਰੱਸਟ ਫੰਡ ਵਿੱਚੋਂ ਗਾਇਬ ਹੋਈ ਰਕਮ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਪੈ ਸਕਦੀ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਰਾਥ ਵੱਲੋਂ ਟਰੱਸਟ ਦੇ ਆਡੀਟਰਾਂ ਨਾਲ ਆਪਣੇ ਲੈਣ-ਦੇਣ ਸਬੰਧੀ ਅਦਾਲਤ ਨੂੰ ਗਲਤ ਜਾਣਕਾਰੀ ਦਿੱਤੇ ਜਾਣ ਦੇ ਸਬੂਤ ਵੀ ਸਾਹਮਣੇ ਆਏ ਹਨ। ਇਸ ਨਾਲ ਪਿਛਲੇ ਹਫ਼ਤੇ ਦਿੱਤੇ ਉਸ ਹੁਕਮ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ, ਜਿਸ ਤਹਿਤ ਰਾਥ ਅਤੇ ਉਸ ਦੀ ਲਾਅ ਫ਼ਰਮ ਦੀ 85 ਲੱਖ ਕੈਨੇਡੀਅਨ ਡਾਲਰ ਤੱਕ ਦੀ ਸੰਪਤੀ ਫ਼੍ਰੀਜ਼ ਕੀਤੀ ਗਈ ਸੀ। ਟਾਲਕਰੀ ਫਰਸਟ ਨੇਸ਼ਨ ਦੇ ਮੁਖੀ ਰੂਪਰਟ ਮੇਨੀਨ ਦਾ ਦੋਸ਼ ਹੈ ਕਿ ਰਾਥ ਨੇ 2017 ਵਿੱਚ ਬਣੇ ਟਰੱਸਟ ਫੰਡ ਵਿੱਚੋਂ ਕਰੋੜਾਂ ਡਾਲਰ ਦੀ ਗਲਤ ਵਰਤੋਂ ਕੀਤੀ, ਹਾਲਾਂਕਿ ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ। ਅਦਾਲਤ ਨੇ AlixPartners Restructuring Inc. ਨੂੰ ਟਰੱਸਟ ਫੰਡ ਨਾਲ ਜੁੜੇ ਬੈਂਕ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਕਿ ਕੋਈ ਰਕਮ ਗਲਤ ਤਰੀਕੇ ਨਾਲ ਤਾਂ ਨਹੀਂ ਕੱਢੀ ਗਈ।
ਨਵੇਂ ਹੁਕਮ ਅਨੁਸਾਰ ਰਾਥ ਅਤੇ ਉਸ ਦੀ ਫ਼ਰਮ ਕੇਸ ਦੇ ਨਿਪਟਾਰੇ ਜਾਂ 1.5 ਕਰੋੜ ਕੈਨੇਡੀਅਨ ਡਾਲਰ ਦੀ ਸੁਰੱਖਿਆ ਰਕਮ ਜਮ੍ਹਾਂ ਕਰਵਾਉਣ ਤੱਕ ਆਪਣੀ ਸੰਪਤੀ ਦਾ ਤਬਾਦਲਾ ਨਹੀਂ ਕਰ ਸਕਣਗੇ। ਅਦਾਲਤ ਨੇ ਪਹਿਲਾਂ ਹੀ ਰਾਥ ਦੇ ਮਹੀਨਾਵਾਰ ਖ਼ਰਚਿਆਂ 'ਤੇ ਵੀ ਪਾਬੰਦੀਆਂ ਲਗਾਈਆਂ ਹੋਈਆਂ ਹਨ, ਹਾਲਾਂਕਿ ਹੁਣ ਉਸ ਨੂੰ ਰਹਿਣ-ਸਹਿਣ ਦੇ ਖ਼ਰਚਿਆਂ ਲਈ ਵਾਧੂ 25 ਹਜ਼ਾਰ ਡਾਲਰ ਖਰਚਣ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜੈਫਰੀ ਰਾਥ Stay Free Alberta ਸੰਸਥਾ ਨਾਲ ਵੀ ਜੁੜੇ ਹੋਏ ਹਨ, ਜੋ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਮੁਹਿੰਮ ਚਲਾ ਰਹੀ ਹੈ। ਇਸੇ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ 19 ਅਕਤੂਬਰ ਨੂੰ ਰੈਫਰੈਂਡਮ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਸੂਬੇ ਦੀ ਆਜ਼ਾਦੀ ਲਈ ਅੱਗੇ ਵਧਣਾ ਚਾਹੁੰਦੇ ਹਨ।
















