ਕੈਨੇਡਾ ਪੋਸਟ ਵੱਲੋਂ ਘਰ-ਘਰ ਡਾਕ ਸੇਵਾ ਹੌਲੀ-ਹੌਲੀ ਖਤਮ ਕਰਨ ਦੀ ਯੋਜਨਾ

ਕੈਨੇਡਾ ਪੋਸਟ ਵੱਲੋਂ ਘਰ-ਘਰ ਡਾਕ ਸੇਵਾ ਹੌਲੀ-ਹੌਲੀ ਖਤਮ ਕਰਨ ਦੀ ਯੋਜਨਾ

ਟੋਰਾਂਟੋ-ਕੈਨੇਡਾ ਪੋਸਟ ਨੇ ਦੇਸ਼ ਭਰ ਵਿੱਚ ਘਰ-ਘਰ ਡਾਕ ਪਹੁੰਚਾਉਣ ਦੀ ਰਵਾਇਤੀ ਸੇਵਾ ਨੂੰ ਹੌਲੀ-ਹੌਲੀ ਸਮਾਪਤ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੀ ਥਾਂ ਕਮਿਊਨਿਟੀ ਮੇਲਬਾਕਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ 2026 ਦੇ ਅੰਤ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ।

ਸੰਸਥਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ ਲਗਭਗ 1.36 ਲੱਖ ਪਤੇ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਣਗੇ। ਇਨ੍ਹਾਂ ਵਿੱਚੋਂ ਕਰੀਬ 18 ਹਜ਼ਾਰ ਘਰ ਟੋਰਾਂਟੋ ਦੇ ਇਟੋਬੀਕੋ ਖੇਤਰ ਵਿੱਚ ਸਥਿਤ ਹਨ, ਜਿੱਥੇ ਐਮ9ਵੀ ਅਤੇ ਐਮ9ਡਬਲਿਊ ਪੋਸਟਲ ਕੋਡ ਵਾਲੇ ਇਲਾਕਿਆਂ ਵਿੱਚ ਇਹ ਯੋਜਨਾ ਸਭ ਤੋਂ ਪਹਿਲਾਂ ਲਾਗੂ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਓਟਵਾ ਵਿੱਚ ਵੀ ਲਗਭਗ 30 ਹਜ਼ਾਰ ਪਤੇ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਂਦੇ ਜਾਣਗੇ। ਉੱਥੇ ਕੇ1ਬੀ, ਕੇ1ਜੀ, ਕੇ1ਐਚ, ਕੇ1ਜੇ ਅਤੇ ਕੇ1ਕੇ ਕੋਡ ਵਾਲੇ ਇਲਾਕਿਆਂ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ।

ਕੈਨੇਡਾ ਪੋਸਟ ਦੇ ਮੁਤਾਬਕ ਅਗਲੇ ਪੰਜ ਸਾਲਾਂ ਦੌਰਾਨ ਦੇਸ਼ ਭਰ ਦੇ ਲਗਭਗ 40 ਲੱਖ ਪਤਿਆਂ ਨੂੰ ਕਮਿਊਨਿਟੀ ਮੇਲਬਾਕਸ ਪ੍ਰਣਾਲੀ ਵਿੱਚ ਬਦਲਿਆ ਜਾਵੇਗਾ। ਸੰਸਥਾ ਨੇ ਦੱਸਿਆ ਕਿ ਆਮ ਤੌਰ ‘ਤੇ ਪਾਰਸਲ ਕਮਿਊਨਿਟੀ ਬਾਕਸ ਵਿੱਚ ਹੀ ਉਪਲਬਧ ਹੋਣਗੇ, ਜਦਕਿ ਵੱਡੇ ਜਾਂ ਦਸਤਖ਼ਤ ਲਾਜ਼ਮੀ ਪਾਰਸਲ ਘਰ ਤੱਕ ਪਹੁੰਚਾਏ ਜਾਣਗੇ ਜਾਂ ਨਜ਼ਦੀਕੀ ਡਾਕਘਰ ਤੋਂ ਪ੍ਰਾਪਤ ਕਰਨੇ ਪੈਣਗੇ।

ਸੰਸਥਾ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿੱਥੇ ਵੀ ਇਹ ਤਬਦੀਲੀਆਂ ਕੀਤੀਆਂ ਜਾਣਗੀਆਂ, ਉੱਥੇ ਨਿਵਾਸੀਆਂ ਨਾਲ ਪਹਿਲਾਂ ਸਲਾਹ-ਮਸ਼ਵਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।