ਕੈਲਗਰੀ ਦੇ ਪਾਣੀ ਸਿਸਟਮ ਲਈ ਫੈਡਰਲ ਸਰਕਾਰ ਵੱਲੋਂ 29 ਮਿਲੀਅਨ ਡਾਲਰ ਦਾ ਨਿਵੇਸ਼
The federal government is investing up to $29 million to strengthen Calgary’s water system and support future population growth. The first phase includes a 22-km water feeder main, upgrades to three existing facilities, and a 7-km connection between reservoirs. The full project is expected to be completed by 2029, increasing water-pumping capacity to 100 million litres per day. The investment comes after several major breaks in the Bearspaw South Feeder Main. Calgary residents may also face temporary outdoor water-use restrictions in mid-September, depending on weather conditions.
ਕੈਲਗਰੀ-ਕੈਨੇਡਾ ਦੀ ਫੈਡਰਲ ਸਰਕਾਰ ਨੇ ਕੈਲਗਰੀ ਦੇ ਪਾਣੀ ਸਿਸਟਮ ਨੂੰ ਹੋਰ ਭਰੋਸੇਮੰਦ ਅਤੇ ਭਵਿੱਖ ਦੀ ਵਧਦੀ ਆਬਾਦੀ ਦੀਆਂ ਲੋੜਾਂ ਮੁਤਾਬਕ ਤਿਆਰ ਕਰਨ ਲਈ 29 ਮਿਲੀਅਨ ਡਾਲਰ ਤੱਕ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।ਫੈਡਰਲ ਊਰਜਾ ਅਤੇ ਕੁਦਰਤੀ ਸਰੋਤ ਮੰਤਰੀ ਦੇ ਸੰਸਦੀ ਸਕੱਤਰ ਕੋਰੀ ਹੋਗਨ ਨੇ 1 ਸਤੰਬਰ ਨੂੰ ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨਾਲ ਮਿਲ ਕੇ ਨੌਰਥ ਕੈਲਗਰੀ ਵਾਟਰ ਸਰਵਿਸਿੰਗ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ ਇਸ ਫੰਡਿੰਗ ਦਾ ਐਲਾਨ ਕੀਤਾ।
ਇਸ ਪ੍ਰੋਜੈਕਟ ਦਾ ਪਹਿਲਾ ਪੜਾਅ 2027 ਦੀ ਸ਼ੁਰੂਆਤ ਤੱਕ ਪੂਰਾ ਹੋਣ ਦੀ ਉਮੀਦ ਹੈ। ਇਹ ਨਿਵੇਸ਼ ਕੈਨੇਡਾ ਸਰਕਾਰ ਦੇ ਬਿਲਡ ਕਮਿਊਨਿਟੀਜ਼ ਸਟਰੌਂਗ ਫੰਡ ਤਹਿਤ ਕੀਤਾ ਜਾ ਰਿਹਾ ਹੈ। ਇਸ ਫੰਡ ਰਾਹੀਂ ਅਗਲੇ 10 ਸਾਲਾਂ ਦੌਰਾਨ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਲਈ ਕੁੱਲ 51 ਬਿਲੀਅਨ ਡਾਲਰ ਨਿਵੇਸ਼ ਕੀਤੇ ਜਾਣੇ ਹਨ।ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 22 ਕਿਲੋਮੀਟਰ ਲੰਬੀ ਨਵੀਂ ਵਾਟਰ ਫੀਡਰ ਮੇਨ ਪਾਈਪਲਾਈਨ ਬਣਾਈ ਜਾਵੇਗੀ। ਇਸ ਦੇ ਨਾਲ ਹੀ ਟੌਪ ਹਿੱਲ ਰਿਜ਼ਰਵਾਇਰ, ਬਿਗ ਹਿੱਲ ਈਸਟ ਰਿਜ਼ਰਵਾਇਰ ਅਤੇ ਮਾਊਂਟ ਵਿਊ ਪੰਪ ਸਟੇਸ਼ਨ ਸਮੇਤ ਤਿੰਨ ਮੌਜੂਦਾ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਵਿੱਚ 7 ਕਿਲੋਮੀਟਰ ਲੰਬੀ ਨਵੀਂ ਫੀਡਰ ਮੇਨ ਵੀ ਸ਼ਾਮਲ ਹੈ, ਜਿਸ ਨਾਲ ਪਹਿਲੇ ਦੋ ਰਿਜ਼ਰਵਾਇਰਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਇਸ ਨਾਲ ਪਾਣੀ ਦੀ ਸਪਲਾਈ ਵਿੱਚ ਮੌਜੂਦਾ ਰੁਕਾਵਟਾਂ ਘਟਣਗੀਆਂ ਅਤੇ ਯੋਜਨਾਬੱਧ ਜਾਂ ਐਮਰਜੈਂਸੀ ਮੁਰੰਮਤ ਦੌਰਾਨ ਵੀ ਲੋਕਾਂ ਲਈ ਪਾਣੀ ਦੀ ਉਪਲਬਧਤਾ ਬਣੀ ਰਹੇਗੀ।ਮਾਊਂਟ ਵਿਊ ਪੰਪ ਸਟੇਸ਼ਨ ਦੇ ਅਪਗ੍ਰੇਡ ਤੋਂ ਬਾਅਦ ਸ਼ਹਿਰ ਦੀ ਪਾਣੀ ਪੰਪ ਕਰਨ ਦੀ ਸਮਰੱਥਾ ਵਧ ਕੇ ਰੋਜ਼ਾਨਾ 30 ਮਿਲੀਅਨ ਲੀਟਰ ਹੋ ਜਾਵੇਗੀ। ਖਾਸ ਤੌਰ ’ਤੇ ਉੱਤਰੀ ਕੈਲਗਰੀ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਨੂੰ ਇਸ ਦਾ ਲਾਭ ਮਿਲੇਗਾ। ਪੂਰਾ ਪ੍ਰੋਜੈਕਟ 2029 ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਪਾਣੀ ਪੰਪ ਕਰਨ ਦੀ ਸਮਰੱਥਾ ਵਧਾ ਕੇ 100 ਮਿਲੀਅਨ ਲੀਟਰ ਪ੍ਰਤੀ ਦਿਨ ਕਰਨ ਦਾ ਟੀਚਾ ਹੈ।
ਫਾਰਕਸ ਨੇ ਦੱਸਿਆ ਕਿ ਫੈਡਰਲ ਸਰਕਾਰ ਦੀ ਇਹ ਫੰਡਿੰਗ ਕੈਲਗਰੀ ਦੇ 2026 ਦੇ ਬਜਟ ਵਿੱਚ ਸ਼ਾਮਲ ਨਹੀਂ ਸੀ, ਪਰ ਉਨ੍ਹਾਂ ਇਸਨੂੰ ਸ਼ਹਿਰ ਲਈ ਬਹੁਤ ਮਹੱਤਵਪੂਰਨ ਅਤੇ ਵੱਡਾ ਬਦਲਾਅ ਲਿਆਉਣ ਵਾਲਾ ਨਿਵੇਸ਼ ਕਰਾਰ ਦਿੱਤਾ। ਸ਼ਹਿਰ ਪਹਿਲਾਂ ਹੀ ਇਸੇ ਪ੍ਰੋਜੈਕਟ ਲਈ 94 ਮਿਲੀਅਨ ਡਾਲਰ ਦਾ ਯੋਗਦਾਨ ਦੇ ਚੁੱਕਾ ਹੈ।ਇਸ ਦੌਰਾਨ ਸ਼ਹਿਰ ਦੇ ਕਾਰਜਕਾਰੀ ਵਾਟਰ ਯੂਟਿਲਿਟੀ ਮੁੱਖ ਅਧਿਕਾਰੀ ਮਾਈਕਲ ਥੌਮਪਸਨ ਨੇ ਦੱਸਿਆ ਕਿ ਪ੍ਰੋਜੈਕਟ ਲਈ ਵਰਤਿਆ ਜਾ ਰਿਹਾ ਸਟੀਲ ਮੈਕਸੀਕੋ ਤੋਂ ਮੰਗਵਾਇਆ ਗਿਆ ਹੈ, ਜਿਸ ਕਾਰਨ ਅਮਰੀਕੀ ਟੈਰਿਫਾਂ ਕਾਰਨ ਵਾਧੂ ਖਰਚੇ ਤੋਂ ਬਚਾਅ ਹੋਇਆ ਹੈ।
ਹਾਲਾਂਕਿ, ਥੌਮਪਸਨ ਨੇ ਚੇਤਾਵਨੀ ਦਿੱਤੀ ਕਿ ਸਤੰਬਰ ਦੇ ਮੱਧ ਵਿੱਚ ਕੈਲਗਰੀ ਵਾਸੀਆਂ ਨੂੰ ਕੁਝ ਸਮੇਂ ਲਈ ਬਾਹਰੀ ਪਾਣੀ ਦੀ ਵਰਤੋਂ ’ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਰੀਖ ਮੌਸਮ ’ਤੇ ਨਿਰਭਰ ਕਰੇਗੀ ਅਤੇ ਲੋਕਾਂ ਨੂੰ ਤਾਜ਼ਾ ਜਾਣਕਾਰੀ ਲਈ ਸਿਟੀ ਆਫ ਕੈਲਗਰੀ ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ।
















