ਅਮਰੀਕਾ ਵਿੱਚ ਅਲਬਰਟਾ ਦੀ ਊਰਜਾ ਮਜ਼ਬੂਤੀ ਲਈ ਯਤਨ ਤੇਜ਼
ਨਿਊ ਔਰਲੀਨਜ਼-ਐਅਰਡ੍ਰੀ-ਈਸਟ ਤੋਂ ਵਿਧਾਇਕ ਐਂਜਲਾ ਪਿੱਟ 3 ਤੋਂ 6 ਜੂਨ ਤੱਕ ਨਿਊ ਔਰਲੀਨਜ਼, ਲੂਈਜ਼ੀਆਨਾ ਦੇ ਦੌਰੇ ’ਤੇ ਰਹਿਣਗੇ, ਜਿੱਥੇ ਉਹ ਅਮਰੀਕੀ ਸੂਬਾਈ ਨੀਤੀ ਨਿਰਧਾਰਕਾਂ ਨਾਲ ਅਲਬਰਟਾ ਦੀਆਂ ਊਰਜਾ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਚਰਚਾ ਕਰਨਗੇ।ਐਂਜਲਾ ਪਿੱਟ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਜ਼ ਦੀ ਐਨਰਜੀ ਸਪਲਾਈ ਟਾਸਕ ਫੋਰਸ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਅਮਰੀਕੀ ਵਿਧਾਇਕਾਂ ਨਾਲ ਇਹ ਵਿਚਾਰ ਸਾਂਝੇ ਕਰਨਗੇ ਕਿ ਅਲਬਰਟਾ ਕਿਸ ਤਰ੍ਹਾਂ ਅਮਰੀਕਾ ਨੂੰ ਦਰਪੇਸ਼ ਮਹੱਤਵਪੂਰਨ ਊਰਜਾ ਚੁਣੌਤੀਆਂ ਦੇ ਹੱਲ ਵਿੱਚ ਯੋਗਦਾਨ ਪਾ ਸਕਦਾ ਹੈ।ਇਨ੍ਹਾਂ ਮੀਟਿੰਗਾਂ ਦੌਰਾਨ ਸਾਂਝੇ ਕੀਤੇ ਜਾਣ ਵਾਲੇ ਤਜਰਬੇ ਅਤੇ ਜਾਣਕਾਰੀਆਂ ਭਵਿੱਖ ਵਿੱਚ ਉੱਤਰੀ ਅਮਰੀਕਾ ਲਈ ਭਰੋਸੇਯੋਗ, ਕਿਫਾਇਤੀ ਅਤੇ ਮਜ਼ਬੂਤ ਊਰਜਾ ਪ੍ਰਣਾਲੀ ਤਿਆਰ ਕਰਨ ਲਈ ਨੀਤੀਆਂ ਬਣਾਉਣ ਵਿੱਚ ਮਦਦ ਕਰਨਗੀਆਂ।
ਐਂਜਲਾ ਪਿੱਟ ਨੇ ਕਿਹਾ ਕਿ ਅਲਬਰਟਾ ਕੋਲ ਦੁਨੀਆ-ਪੱਧਰੀ ਊਰਜਾ ਸਰੋਤਾਂ ਦਾ ਲਗਭਗ 137 ਸਾਲਾਂ ਲਈ ਅਨੁਮਾਨਿਤ ਭੰਡਾਰ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਹ ਊਰਜਾ ਜ਼ਿੰਮੇਵਾਰ ਢੰਗ ਨਾਲ ਉਤਪਾਦਿਤ ਕੀਤੀ ਜਾਂਦੀ ਹੈ ਅਤੇ ਉੱਤਰੀ ਅਮਰੀਕਾ ਦੀ ਊਰਜਾ ਸੁਰੱਖਿਆ ਅਤੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਉਹ ਅਮਰੀਕੀ ਸੂਬਾਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਇਸ ਸੰਦੇਸ਼ ਨੂੰ ਹੋਰ ਮਜ਼ਬੂਤੀ ਨਾਲ ਰੱਖਣ ਅਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹਨ, ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਵੀ ਅਲਬਰਟਾ ਉੱਤਰੀ ਅਮਰੀਕਾ ਦੀ ਊਰਜਾ ਸੁਰੱਖਿਆ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਰਹੇ।ਦੌਰੇ ਦੌਰਾਨ ਐਂਜਲਾ ਪਿੱਟ ਅਮਰੀਕਾ ਦੇ ਪੱਛਮੀ, ਮੱਧ-ਪੱਛਮੀ ਅਤੇ ਦੱਖਣੀ ਸੂਬਿਆਂ ਨਾਲ ਅਲਬਰਟਾ ਦੇ ਮਜ਼ਬੂਤ ਊਰਜਾ ਸਬੰਧਾਂ ਨੂੰ ਵੀ ਉਜਾਗਰ ਕਰਨਗੇ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਵੀ ਵਿਚਾਰ ਕੀਤਾ ਜਾਵੇਗਾ।
ਨਿਊ ਔਰਲੀਨਜ਼ ਵਿੱਚ ਮੀਟਿੰਗਾਂ ਅਤੇ ਨੀਤੀ ਦੌਰਿਆਂ ਦੌਰਾਨ ਉਹ ਲੂਈਜ਼ੀਆਨਾ ਦੇ ਊਰਜਾ ਖੇਤਰ ਨੂੰ ਵੀ ਉਭਾਰਣਗੇ, ਜੋ ਲੰਬੇ ਸਮੇਂ ਤੋਂ ਅਲਬਰਟਾ ਦੇ ਤੇਲ, ਰਿਫਾਈਨਡ ਪੈਟਰੋਲਿਅਮ ਅਤੇ ਕੈਮੀਕਲ ਨਿਰਯਾਤਾਂ ਦਾ ਮਹੱਤਵਪੂਰਨ ਗਾਹਕ ਰਿਹਾ ਹੈ।ਪੋਰਟ ਆਫ ਨਿਊ ਔਰਲੀਨਜ਼ ਅਲਬਰਟਾ ਦੇ ਉਤਪਾਦਾਂ ਨੂੰ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਇੱਕ ਅਹਿਮ ਵੰਡ ਕੇਂਦਰ ਵਜੋਂ ਕੰਮ ਕਰਦਾ ਹੈ। ਦੋਹਾਂ ਪੱਖਾਂ ਵਿਚਕਾਰ ਨਿੱਜੀ ਖੇਤਰ ਵਿੱਚ ਵੀ ਮਜ਼ਬੂਤ ਸਾਂਝ ਹੈ। ਅਲਬਰਟਾ ਦੀਆਂ ਕੰਪਨੀਆਂ ਲੂਈਜ਼ੀਆਨਾ ਦੀ ਪੈਟਰੋਕੈਮੀਕਲ ਇੰਡਸਟਰੀ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਜਦਕਿ ਐਕਸਨ ਮੋਬਿਲ ਵਰਗੀਆਂ ਲੂਈਜ਼ੀਆਨਾ ਆਧਾਰਿਤ ਕੰਪਨੀਆਂ ਅਲਬਰਟਾ ਵਿੱਚ ਵੀ ਸਰਗਰਮ ਹਨ।ਗੌਰਤਲਬ ਹੈ ਕਿ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਜ਼ ਦੀ ਸਥਾਪਨਾ 1975 ਵਿੱਚ ਕੀਤੀ ਗਈ ਸੀ। ਇਹ ਸੰਸਥਾ ਅਮਰੀਕਾ ਦੇ ਸਾਰੇ 50 ਸੂਬਿਆਂ, ਕਾਮਨਵੈਲਥ, ਟੈਰੀਟਰੀਜ਼ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿਧਾਇਕਾਂ ਅਤੇ ਸਰਕਾਰੀ ਆਗੂਆਂ ਨੂੰ ਇਕੱਠਾ ਕਰਦੀ ਹੈ।ਇਸ ਦੀ ਐਨਰਜੀ ਸਪਲਾਈ ਟਾਸਕ ਫੋਰਸ 2009 ਵਿੱਚ ਬਣਾਈ ਗਈ ਸੀ, ਜਿਸ ਵਿੱਚ ਊਰਜਾ ਨੀਤੀਆਂ ਦੇ ਤਜਰਬੇਕਾਰ ਵਿਧਾਇਕ ਅਤੇ ਸਟਾਫ਼ ਮੈਂਬਰ ਸ਼ਾਮਲ ਹਨ। ਅਲਬਰਟਾ ਇਸ ਸੰਸਥਾ ਦਾ ਸਹਿਯੋਗੀ ਮੈਂਬਰ ਅਤੇ ਇਸ ਦੀ ਇੰਟਰਨੈਸ਼ਨਲ ਐਡਵਾਇਜ਼ਰੀ ਕੌਂਸਲ ਦਾ ਹਿੱਸਾ ਵੀ ਹੈ।
















