ਅਲਬਰਟਾ ਨੂੰ ਨਵਾਂ ਦੇਸ਼ ਨਹੀਂ, ਓਟਾਵਾ ਤੋਂ ਨਵੀਆਂ ਤਰਜੀਹਾਂ ਦੀ ਲੋੜ — ਪੋਇਲੀਏਵਰ

ਅਲਬਰਟਾ ਨੂੰ ਨਵਾਂ ਦੇਸ਼ ਨਹੀਂ, ਓਟਾਵਾ ਤੋਂ ਨਵੀਆਂ ਤਰਜੀਹਾਂ ਦੀ ਲੋੜ — ਪੋਇਲੀਏਵਰ

ਕੈਲਗਰੀ-ਕੈਨੇਡਾ ਦੇ ਕਨਜ਼ਰਵੇਟਿਵ ਆਗੂ ਪੀਅਰੇ ਪੋਇਲੀਏਵਰ ਨੇ ਅਲਬਰਟਾ ਵਿੱਚ ਵੱਧ ਰਹੀ ਅਲੱਗਾਵਾਦੀ ਸੋਚ ਦੇ ਮੱਦੇਨਜ਼ਰ ਕਿਹਾ ਹੈ ਕਿ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਨਹੀਂ, ਸਗੋਂ ਓਟਾਵਾ ਵੱਲੋਂ ਨਵੀਆਂ ਤਰਜੀਹਾਂ ਅਤੇ ਸੂਬੇ ਦੇ ਹੱਕਾਂ ਦਾ ਸਤਿਕਾਰ ਕਰਨ ਦੀ ਲੋੜ ਹੈ।ਕੈਲਗਰੀ ਦੇ ਰੌਇਲ ਕੈਨੇਡੀਅਨ ਲੀਜਨ ਹਾਲ ਵਿੱਚ ਸੰਬੋਧਨ ਕਰਦਿਆਂ ਪੋਇਲੀਏਵਰ ਨੇ ਕਿਹਾ ਕਿ ਕੇਂਦਰੀ ਸਰਕਾਰ ਨੂੰ ਅਲਬਰਟਾ ਦੇ ਮਾਮਲਿਆਂ ਵਿੱਚ ਘੱਟ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਆਜ਼ਾਦੀ ਨਾਲ ਵਰਤਣ, ਨਵੀਆਂ ਪਾਈਪਲਾਈਨਾਂ ਬਣਾਉਣ, ਸੂਬਾਈ ਖੁਦਮੁਖਤਿਆਰੀ ਦਾ ਆਦਰ ਕਰਨ ਅਤੇ ਟੈਕਸਾਂ ਦਾ ਬੋਝ ਘਟਾਉਣ ਨਾਲ ਅਲਬਰਟਾ ਹੀ ਨਹੀਂ, ਸਾਰੇ ਕੈਨੇਡਾ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ, “ਅਲਬਰਟਾ ਲਈ ਹੱਲ ਇਹ ਨਹੀਂ ਕਿ ਉਹ ਹੋਰ ਸੂਬਿਆਂ ਤੋਂ ਦੂਰ ਹੋ ਜਾਵੇ, ਸਗੋਂ ਸਾਰੇ ਕੈਨੇਡਾ ਨਾਲ ਮਿਲ ਕੇ ਦੇਸ਼ ਨੂੰ ਮਜ਼ਬੂਤ, ਸੁਰੱਖਿਅਤ ਅਤੇ ਖੁਦਨਿਰਭਰ ਬਣਾਇਆ ਜਾਵੇ।”ਇਸੇ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਅਕਤੂਬਰ ਮਹੀਨੇ ਵਿੱਚ ਸੂਬੇ ਦੇ ਲੋਕਾਂ ਤੋਂ ਰੈਫਰੈਂਡਮ ਰਾਹੀਂ ਪੁੱਛਿਆ ਜਾਵੇਗਾ ਕਿ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਅਲੱਗ ਦੇਸ਼ ਬਣਾਉਣਾ ਚਾਹੁੰਦੇ ਹਨ। ਸਮਿੱਥ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਕੈਨੇਡਾ ਵਿੱਚ ਰਹਿਣ ਦੇ ਹੱਕ ਵਿੱਚ ਪ੍ਰਚਾਰ ਕਰਨਗੇ, ਪਰ ਵੱਖ-ਵੱਖ ਪੱਖਾਂ ਵੱਲੋਂ ਆਈਆਂ ਵੱਡੀ ਗਿਣਤੀ ਵਾਲੀਆਂ ਪਟੀਸ਼ਨਾਂ ਕਾਰਨ ਰੈਫਰੈਂਡਮ ਕਰਵਾਉਣਾ ਲਾਜ਼ਮੀ ਹੋ ਗਿਆ।ਪੋਇਲੀਏਵਰ ਨੇ ਇਹ ਵੀ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਗਰਮੀ ਦੇ ਮੌਸਮ ਦੌਰਾਨ ਅਲਬਰਟਾ ਭਰ ਵਿੱਚ ਦੌਰੇ ਕਰਕੇ ਲੋਕਾਂ ਨੂੰ ਕੈਨੇਡਾ ਨਾਲ ਜੁੜੇ ਰਹਿਣ ਲਈ ਮਨਾਉਣਗੇ।

ਉਨ੍ਹਾਂ ਕਿਹਾ ਕਿ ਅਲੱਗਾਵਾਦੀਆਂ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ। “ਲੋਕਾਂ ਦੀਆਂ ਚਿੰਤਾਵਾਂ ਨੂੰ ਸੁਣਨਾ, ਸਮਝਣਾ ਅਤੇ ਉਨ੍ਹਾਂ ਦਾ ਹੱਲ ਕੱਢਣਾ ਹੀ ਸਭ ਤੋਂ ਵਧੀਆ ਰਸਤਾ ਹੈ,” ਉਨ੍ਹਾਂ ਨੇ ਕਿਹਾ।ਇਸ ਮਾਮਲੇ ਵਿੱਚ ਕਈ ਸਾਬਕਾ ਕਨਜ਼ਰਵੇਟਿਵ ਨੇਤਾ ਵੀ ਮੈਦਾਨ ਵਿੱਚ ਆ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਸਾਬਕਾ ਅਲਬਰਟਾ ਪ੍ਰੀਮੀਅਰ ਜੇਸਨ ਕੇਨੀ ਅਤੇ ਹੋਰ ਕਈ ਆਗੂ “ਵੋਟ ਟੂ ਸਟੇ” ਮੁਹਿੰਮ ਦੇ ਹੱਕ ਵਿੱਚ ਕੰਮ ਕਰ ਰਹੇ ਹਨ। ਉੱਧਰ ਕੁਝ ਸਾਬਕਾ ਕਨਜ਼ਰਵੇਟਿਵ ਆਗੂ ਅਲੱਗਾਵਾਦ ਦੇ ਹੱਕ ਵਿੱਚ ਵੀ ਬੋਲ ਰਹੇ ਹਨ।ਸਾਬਕਾ ਸੰਸਦ ਮੈਂਬਰ ਜੇ ਹਿੱਲ ਨੇ ਇੱਕ ਲੇਖ ਵਿੱਚ ਕਿਹਾ ਕਿ ਉਹ ਅਲੱਗਾਵਾਦੀ ਰੈਫਰੈਂਡਮ ਦੇ ਹੱਕ ਵਿੱਚ ਵੋਟ ਪਾਉਣਗੇ ਤਾਂ ਜੋ ਓਟਾਵਾ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ।ਅਲਬਰਟਾ ਦੀ ਵਿਰੋਧੀ ਐਨਡੀਪੀ ਪਾਰਟੀ ਅਤੇ ਕਈ ਸਾਬਕਾ ਮੰਤਰੀ ਵੀ ਕੈਨੇਡਾ ਵਿੱਚ ਰਹਿਣ ਦੇ ਹੱਕ ਵਿੱਚ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੇ ਹਨ।