ਅਲਬਰਟਾ ਵਿੱਚ ਹਾਈ ਸਕੂਲ ਗ੍ਰੈਜੂਏਸ਼ਨ ਦੀਆਂ ਸ਼ਰਤਾਂ ’ਚ ਹੋਵੇਗੀ ਤਬਦੀਲੀ
The Alberta government is updating high school graduation requirements to provide students with greater flexibility and more opportunities to explore career interests. Starting in fall 2028, students will continue to need 100 credits to graduate, but optional course credits will increase from 44 to 53.
ਐਡਮਿੰਟਨ-ਅਲਬਰਟਾ ਸਰਕਾਰ ਹਾਈ ਸਕੂਲ ਗ੍ਰੈਜੂਏਸ਼ਨ ਦੀਆਂ ਸ਼ਰਤਾਂ ਵਿੱਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਇਨ੍ਹਾਂ ਤਬਦੀਲੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ ਅਤੇ ਭਵਿੱਖ ਦੇ ਕਰੀਅਰ ਅਨੁਸਾਰ ਵਿਸ਼ੇ ਚੁਣਨ ਦੀ ਵਧੇਰੇ ਆਜ਼ਾਦੀ ਦੇਣਾ ਅਤੇ ਉਨ੍ਹਾਂ ਨੂੰ ਹਾਈ ਸਕੂਲ ਤੋਂ ਬਾਅਦ ਦੀ ਜ਼ਿੰਦਗੀ ਲਈ ਬਿਹਤਰ ਢੰਗ ਨਾਲ ਤਿਆਰ ਕਰਨਾ ਹੈ। ਨਵੀਆਂ ਸ਼ਰਤਾਂ 2028 ਦੀ ਪੱਤਝੜ ਤੋਂ ਪੜਾਅਵਾਰ ਲਾਗੂ ਕੀਤੀਆਂ ਜਾਣਗੀਆਂ।
ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡੈਮੀਟ੍ਰੀਓਸ ਨਿਕੋਲਾਈਡਸ ਨੇ ਕਿਹਾ ਕਿ ਪਿਛਲੇ 30 ਸਾਲਾਂ ਦੌਰਾਨ ਦੁਨੀਆ ਵਿੱਚ ਕਾਫ਼ੀ ਤਬਦੀਲੀ ਆਈ ਹੈ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਗ੍ਰੈਜੂਏਸ਼ਨ ਦੀਆਂ ਸ਼ਰਤਾਂ ਵਿੱਚ ਵੀ ਤਬਦੀਲੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਦੇ ਹੁਨਰ ਸਿੱਖਣ, ਆਪਣੀਆਂ ਰੁਚੀਆਂ ਅਨੁਸਾਰ ਵਿਸ਼ੇ ਚੁਣਨ ਅਤੇ ਉੱਚ ਸਿੱਖਿਆ, ਹੁਨਰਮੰਦ ਕਿੱਤਿਆਂ ਦੀ ਸਿਖਲਾਈ ਜਾਂ ਰੁਜ਼ਗਾਰ ਲਈ ਤਿਆਰ ਹੋਣ ਵਿੱਚ ਮਦਦ ਕਰੇਗੀ।
ਨਵੀਂ ਪ੍ਰਣਾਲੀ ਤਹਿਤ ਹਾਈ ਸਕੂਲ ਡਿਪਲੋਮਾ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਕੁੱਲ 100 ਕ੍ਰੈਡਿਟ ਹਾਸਲ ਕਰਨੇ ਪੈਣਗੇ। ਹਾਲਾਂਕਿ, ਚੋਣਵੇਂ ਵਿਸ਼ਿਆਂ (Optional Courses) ਰਾਹੀਂ ਕ੍ਰੈਡਿਟ ਹਾਸਲ ਕਰਨ ਦੀ ਹੱਦ ਮੌਜੂਦਾ 44 ਤੋਂ ਵਧਾ ਕੇ 53 ਕਰ ਦਿੱਤੀ ਜਾਵੇਗੀ।
ਗਰੇਡ 10 ਦੇ ਵਿਦਿਆਰਥੀਆਂ ਲਈ ਅੰਗਰੇਜ਼ੀ, ਸਮਾਜਿਕ ਅਧਿਐਨ, ਗਣਿਤ ਅਤੇ ਵਿਗਿਆਨ ਵਰਗੇ ਮੁੱਖ ਵਿਸ਼ਿਆਂ ਦੀ ਪੜ੍ਹਾਈ ਲਾਜ਼ਮੀ ਰਹੇਗੀ। ਇਸ ਦੇ ਨਾਲ ਕਰੀਅਰ ਅਤੇ ਜੀਵਨ ਪ੍ਰਬੰਧਨ (Career and Life Management) ਅਤੇ ਸਰੀਰਕ ਸਿੱਖਿਆ ਤੇ ਤੰਦਰੁਸਤੀ (Physical Education and Wellness) ਦੇ ਨਵੇਂ ਲਾਜ਼ਮੀ ਕੋਰਸ ਵੀ ਸ਼ਾਮਲ ਕੀਤੇ ਜਾਣਗੇ।
ਗਰੇਡ 11 ਅਤੇ 12 ਵਿੱਚ ਮੌਜੂਦਾ ਵੱਖ-ਵੱਖ ਲਾਜ਼ਮੀ ਕੋਰਸਾਂ ਦੀ ਥਾਂ ਪੜ੍ਹਾਈ ਦੇ ਵਿਆਪਕ ਖੇਤਰ ਨਿਰਧਾਰਤ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ, ਸਮਾਜਿਕ ਅਧਿਐਨ ਜਾਂ ਦੋਵਾਂ ਦੇ ਸੁਮੇਲ ਰਾਹੀਂ ਮਨੁੱਖਤਾ ਨਾਲ ਸਬੰਧਤ ਵਿਸ਼ਿਆਂ ਵਿੱਚ 10 ਕ੍ਰੈਡਿਟ ਹਾਸਲ ਕਰਨੇ ਪੈਣਗੇ। ਇਸ ਤੋਂ ਇਲਾਵਾ ਗਣਿਤ ਜਾਂ ਵਿਗਿਆਨ ਵਿੱਚ ਪੰਜ ਕ੍ਰੈਡਿਟ ਅਤੇ ਸਰੀਰਕ ਸਿੱਖਿਆ, ਤੰਦਰੁਸਤੀ ਤੇ ਵਿੱਤੀ ਸਾਖਰਤਾ ਨਾਲ ਸਬੰਧਤ ਲੋੜੀਂਦੇ ਕ੍ਰੈਡਿਟ ਵੀ ਪੂਰੇ ਕਰਨੇ ਹੋਣਗੇ।
ਚਿਨੂਕਸ ਐੱਜ ਸਕੂਲ ਡਿਵੀਜ਼ਨ ਦੀ ਚੇਅਰ ਹੋਲੀ ਬਿਲਟਨ ਨੇ ਇਸ ਤਬਦੀਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ ਅਤੇ ਕਰੀਅਰ ਦੇ ਟੀਚਿਆਂ ਅਨੁਸਾਰ ਵਿਸ਼ੇ ਚੁਣਨ ਦੇ ਵਧੇਰੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਅਜਿਹੇ ਕੋਰਸਾਂ ਦੀ ਚੋਣ ਕਰ ਸਕਣਗੇ, ਜੋ ਉਨ੍ਹਾਂ ਲਈ ਉੱਚ ਸਿੱਖਿਆ ਅਤੇ ਭਵਿੱਖ ਦੇ ਕਰੀਅਰ ਦੇ ਨਵੇਂ ਰਾਹ ਖੋਲ੍ਹਣਗੇ।
ਵਧੇਰੇ ਚੋਣਵੇਂ ਵਿਸ਼ਿਆਂ ਦੀ ਸਹੂਲਤ ਨਾਲ ਵਿਦਿਆਰਥੀ ਹੁਨਰਮੰਦ ਕਿੱਤਿਆਂ, ਵਿੱਤ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਕਾਨੂੰਨ ਵਰਗੇ ਖੇਤਰਾਂ ਦੀ ਪੜ੍ਹਾਈ ਵੱਲ ਵੀ ਧਿਆਨ ਦੇ ਸਕਣਗੇ। ਜਿਹੜੇ ਵਿਦਿਆਰਥੀ ਗਣਿਤ, ਵਿਗਿਆਨ, ਅੰਗਰੇਜ਼ੀ ਜਾਂ ਸਮਾਜਿਕ ਅਧਿਐਨ ਵਰਗੇ ਰਵਾਇਤੀ ਅਕਾਦਮਿਕ ਵਿਸ਼ਿਆਂ ਦੀ ਵਧੇਰੇ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਵਿਕਲਪ ਖੁੱਲ੍ਹੇ ਰਹਿਣਗੇ।
ਫਿਊਜ਼ਨ ਕਾਲਜੀਏਟ ਦੇ ਪ੍ਰਿੰਸੀਪਲ ਅਤੇ ਸਹਿ-ਸੰਸਥਾਪਕ ਬ੍ਰੈਡੀ ਥੌਮਪਸਨ ਨੇ ਕਿਹਾ ਕਿ ਨਵੀਂ ਪ੍ਰਣਾਲੀ ਵਿਦਿਆਰਥੀਆਂ ਨੂੰ ਆਪਣੀਆਂ ਇੱਛਾਵਾਂ ਅਤੇ ਭਵਿੱਖ ਦੇ ਕਰੀਅਰ ਨਾਲ ਜੁੜੇ ਵਿਸ਼ੇ ਚੁਣਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਮੁਤਾਬਕ ਪੜ੍ਹਾਈ ਵਿੱਚ ਵਧੇਰੇ ਚੋਣ ਮਿਲਣ ਨਾਲ ਵਿਦਿਆਰਥੀਆਂ ਦਾ ਰੁਝਾਨ ਵਧੇਗਾ ਅਤੇ ਉਹ ਆਤਮ-ਵਿਸ਼ਵਾਸ ਤੇ ਲੋੜੀਂਦੇ ਹੁਨਰਾਂ ਨਾਲ ਸਕੂਲ ਤੋਂ ਬਾਹਰ ਨਿਕਲ ਸਕਣਗੇ।
ਨਵੀਆਂ ਸ਼ਰਤਾਂ ਤਹਿਤ ਵਿੱਤੀ ਸਾਖਰਤਾ, ਸਿਹਤ ਅਤੇ ਤੰਦਰੁਸਤੀ ਅਤੇ ਕਰੀਅਰ ਦੀ ਯੋਜਨਾਬੰਦੀ ਵਰਗੇ ਵਿਹਾਰਕ ਵਿਸ਼ਿਆਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਰਕਾਰ ਅਨੁਸਾਰ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਲਈ ਅੰਗਰੇਜ਼ੀ, ਸਮਾਜਿਕ ਅਧਿਐਨ, ਗਣਿਤ ਜਾਂ ਵਿਗਿਆਨ ਵਿੱਚੋਂ ਘੱਟੋ-ਘੱਟ ਇੱਕ ਵਿਸ਼ੇ ਦੀ ਡਿਪਲੋਮਾ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ।
ਸਰਕਾਰ ਵੱਲੋਂ ਨਵੀਂ ਪ੍ਰਣਾਲੀ ਨੂੰ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। 2028 ਦੀ ਪੱਤਝੜ ਤੋਂ ਗਰੇਡ 10, 2029 ਦੀ ਪੱਤਝੜ ਤੋਂ ਗਰੇਡ 11 ਅਤੇ 2030 ਦੀ ਪੱਤਝੜ ਤੋਂ ਸੀਨੀਅਰ ਹਾਈ ਸਕੂਲ ਦੇ ਸਾਰੇ ਗਰੇਡਾਂ ਦੇ ਵਿਦਿਆਰਥੀਆਂ ’ਤੇ ਇਹ ਸ਼ਰਤਾਂ ਲਾਗੂ ਹੋਣਗੀਆਂ। ਮੌਜੂਦਾ ਸਮੇਂ ਗਰੇਡ 11 ਅਤੇ 12 ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਤਬਦੀਲੀ ਦੇ ਪ੍ਰਬੰਧ ਸਿੱਖਿਆ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤੈਅ ਕੀਤੇ ਜਾਣਗੇ।
ਇਸ ਤੋਂ ਇਲਾਵਾ 2026 ਦੀ ਪੱਤਝੜ ਤੋਂ ਨਵੇਂ ਕੋਰਸਾਂ, ਜਿਨ੍ਹਾਂ ਵਿੱਚ ਸਰੀਰਕ ਸਿੱਖਿਆ 20 ਅਤੇ 30, ਤੰਦਰੁਸਤੀ 20 ਅਤੇ 30 ਅਤੇ ਵਿੱਤੀ ਸਾਖਰਤਾ 20 ਅਤੇ 30 ਸ਼ਾਮਲ ਹਨ, ਬਾਰੇ ਸਿੱਖਿਆ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਜਾਵੇਗਾ। ਨਵੇਂ ਗਣਿਤ 10 ਅਤੇ ਸਮਾਜਿਕ ਅਧਿਐਨ 10, 20 ਅਤੇ 30 ਦੇ ਪਾਠਕ੍ਰਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵਿੱਤੀ ਸਾਖਰਤਾ ਦੇ ਮੁਲਾਂਕਣ ਨੂੰ ਭਵਿੱਖ ਵਿੱਚ ਗ੍ਰੈਜੂਏਸ਼ਨ ਦੀ ਲਾਜ਼ਮੀ ਸ਼ਰਤ ਬਣਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।














