ਅਲਬਰਟਾ ਵਿੱਚ ਬਰਫ਼ੀਲੇ ਪਹਾੜਾਂ ’ਤੇ ਹਿਮਸਖਲਨ ਦੇ ਖ਼ਤਰੇ ਨੂੰ ਲੈ ਕੇ ਸਰਕਾਰ ਵੱਲੋਂ ਚੌਕਸੀ

ਅਲਬਰਟਾ ਵਿੱਚ ਬਰਫ਼ੀਲੇ ਪਹਾੜਾਂ ’ਤੇ ਹਿਮਸਖਲਨ ਦੇ ਖ਼ਤਰੇ ਨੂੰ ਲੈ ਕੇ ਸਰਕਾਰ ਵੱਲੋਂ ਚੌਕਸੀ

ਐਡਮਿੰਟਨ-ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਅਲਬਰਟਾ ਸਰਕਾਰ ਨੇ ਪਹਾੜੀ ਇਲਾਕਿਆਂ ਵਿੱਚ ਘੁੰਮਣ-ਫਿਰਨ ਅਤੇ ਸਰਦੀਆਂ ਦੀਆਂ ਬਾਹਰੀ ਗਤੀਵਿਧੀਆਂ ਦਾ ਆਨੰਦ ਲੈਣ ਵਾਲੇ ਲੋਕਾਂ ਨੂੰ ਹਿਮਸਖਲਨ (Avalanche) ਦੇ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਐਵਲਾਂਚ ਕੈਨੇਡਾ (Avalanche Canada) ਨਾਲ ਸਾਂਝੇਦਾਰੀ ਤਹਿਤ 15 ਨਵੰਬਰ ਤੋਂ 15 ਅਪ੍ਰੈਲ ਤੱਕ ਰੋਜ਼ਾਨਾ ਹਿਮਸਖਲਨ ਸਬੰਧੀ ਪੂਰਵ ਅਨੁਮਾਨ ਜਾਰੀ ਕੀਤੇ ਜਾਣਗੇ।

ਸਰਕਾਰ ਅਨੁਸਾਰ ਸਰਦੀਆਂ ਦੌਰਾਨ ਪਹਾੜੀ ਇਲਾਕਿਆਂ ਵਿੱਚ ਜਾਣ ਵਾਲੇ ਲੋਕਾਂ ਲਈ ਮੌਸਮ ਅਤੇ ਬਰਫ਼ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਹਿਮਸਖਲਨ ਵਾਲੇ ਇਲਾਕਿਆਂ ਦੀ ਪਛਾਣ ਕਰਨ, ਸੁਰੱਖਿਆ ਉਪਕਰਨ ਆਪਣੇ ਨਾਲ ਰੱਖਣ ਅਤੇ ਹਾਦਸੇ ਦੀ ਸਥਿਤੀ ਵਿੱਚ ਕਿਸੇ ਸਾਥੀ ਨੂੰ ਬਚਾਉਣ ਦੇ ਤਰੀਕੇ ਸਿੱਖਣ ਦੀ ਸਲਾਹ ਦਿੱਤੀ ਗਈ ਹੈ।

ਅਲਬਰਟਾ ਪਾਰਕਸ ਦੀ ਕੈਨਨਾਸਕਿਸ ਮਾਊਂਟੇਨ ਰੈਸਕਿਊ ਟੀਮ ਮੌਸਮ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਹੀ ਹਿਮਸਖਲਨ ਦੀਆਂ ਸਥਿਤੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੀ ਹੈ। ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਅਤੇ ਤਾਪਮਾਨ ਵਧਣ ਕਾਰਨ ਹਿਮਸਖਲਨ ਦਾ ਖ਼ਤਰਾ ਵਧ ਸਕਦਾ ਹੈ। ਇਸ ਸਬੰਧੀ ਰੋਜ਼ਾਨਾ ਬੁਲੇਟਿਨ ਐਵਲਾਂਚ ਕੈਨੇਡਾ ਦੀ ਵੈੱਬਸਾਈਟ avalanche.ca ’ਤੇ ਉਪਲਬਧ ਹੋਣਗੇ।

ਜੰਗਲਾਤ ਅਤੇ ਪਾਰਕਸ ਮੰਤਰੀ ਟੌਡ ਲੋਵਨ ਨੇ ਕਿਹਾ ਕਿ ਅਲਬਰਟਾ ਦੇ ਲੋਕ ਸਰਦੀਆਂ ਦੌਰਾਨ ਪਹਾੜਾਂ ਅਤੇ ਕੁਦਰਤੀ ਥਾਵਾਂ ਦੀ ਸੈਰ ਕਰਨਾ ਪਸੰਦ ਕਰਦੇ ਹਨ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਇਨ੍ਹਾਂ ਗਤੀਵਿਧੀਆਂ ਦਾ ਆਨੰਦ ਲੈਣ ਲਈ ਲੋੜੀਂਦੀ ਜਾਣਕਾਰੀ ਅਤੇ ਸਾਧਨ ਮੁਹੱਈਆ ਕਰਵਾਏ ਜਾਣ। ਇਸੇ ਮਕਸਦ ਨਾਲ ਐਵਲਾਂਚ ਕੈਨੇਡਾ ਨਾਲ ਸਾਂਝੇਦਾਰੀ ਜਾਰੀ ਰੱਖੀ ਜਾ ਰਹੀ ਹੈ।

ਇਸ ਸਾਲ ਅਲਬਰਟਾ ਸਰਕਾਰ ਵੱਲੋਂ ਐਵਲਾਂਚ ਕੈਨੇਡਾ ਨੂੰ 2.5 ਲੱਖ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਰਕਮ ਹਿਮਸਖਲਨ ਸਬੰਧੀ ਸੁਰੱਖਿਆ ਸੇਵਾਵਾਂ ਅਤੇ ਪੂਰਵ ਅਨੁਮਾਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਰਤੀ ਜਾਵੇਗੀ।

ਕੈਨਨਾਸਕਿਸ ਮਾਊਂਟੇਨ ਰੈਸਕਿਊ ਟੀਮ ਵੱਲੋਂ ਵੀ ਜ਼ਮੀਨੀ ਪੱਧਰ ’ਤੇ ਬਰਫ਼ ਅਤੇ ਮੌਸਮ ਦੀ ਸਥਿਤੀ ਬਾਰੇ ਜਾਣਕਾਰੀ ਐਵਲਾਂਚ ਕੈਨੇਡਾ ਨਾਲ ਸਾਂਝੀ ਕੀਤੀ ਜਾਂਦੀ ਹੈ, ਜਿਸ ਨਾਲ ਪੂਰਵ ਅਨੁਮਾਨਾਂ ਨੂੰ ਸਹੀ ਬਣਾਉਣ ਵਿੱਚ ਮਦਦ ਮਿਲਦੀ ਹੈ। ਸਰਕਾਰ ਅਨੁਸਾਰ ਪਿਛਲੇ 15 ਸਾਲਾਂ ਦੌਰਾਨ ਕੈਨਨਾਸਕਿਸ ਅਤੇ ਅਲਬਰਟਾ ਦੇ ਹੋਰ ਇਲਾਕਿਆਂ ਵਿੱਚ ਹਿਮਸਖਲਨ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਾਫ਼ੀ ਕਮੀ ਆਈ ਹੈ। ਇਸ ਸਫ਼ਲਤਾ ਵਿੱਚ ਬਚਾਅ ਟੀਮ ਅਤੇ ਐਵਲਾਂਚ ਕੈਨੇਡਾ ਨਾਲ ਸਾਂਝੇਦਾਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਐਵਲਾਂਚ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਿਲਸ ਵਲਾਡੇ ਨੇ ਕਿਹਾ ਕਿ ਭਾਵੇਂ ਕੋਈ ਵਿਅਕਤੀ ਪਹਿਲੀ ਵਾਰ ਪਹਾੜੀ ਇਲਾਕੇ ਵਿੱਚ ਜਾ ਰਿਹਾ ਹੋਵੇ ਜਾਂ ਉਸ ਨੂੰ ਪਹਿਲਾਂ ਤੋਂ ਤਜਰਬਾ ਹੋਵੇ, ਹਰ ਯਾਤਰਾ ਤੋਂ ਪਹਿਲਾਂ ਹਿਮਸਖਲਨ ਦਾ ਪੂਰਵ ਅਨੁਮਾਨ ਜ਼ਰੂਰ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬਰਫ਼ ਵਿੱਚ ਦੱਬੇ ਵਿਅਕਤੀ ਦੀ ਸਥਿਤੀ ਦਾ ਪਤਾ ਲਗਾਉਣ ਵਾਲਾ ਯੰਤਰ (Transceiver), ਜਾਂਚ ਲਈ ਪ੍ਰੋਬ ਅਤੇ ਬਰਫ਼ ਹਟਾਉਣ ਵਾਲਾ ਫਾਵੜਾ ਨਾਲ ਰੱਖਣ ਅਤੇ ਇਨ੍ਹਾਂ ਦੀ ਵਰਤੋਂ ਕਰਨੀ ਸਿੱਖਣ ਦੀ ਸਲਾਹ ਦਿੱਤੀ।

ਸਰਕਾਰ ਅਤੇ ਐਵਲਾਂਚ ਕੈਨੇਡਾ ਵੱਲੋਂ ਲੋਕਾਂ ਨੂੰ ਹਿਮਸਖਲਨ ਤੋਂ ਬਚਾਅ ਲਈ ਸੁਰੱਖਿਆ ਸਿਖਲਾਈ ਲੈਣ, 30 ਡਿਗਰੀ ਤੋਂ ਘੱਟ ਢਲਾਣ ਵਾਲੀਆਂ ਪਹਾੜੀ ਥਾਵਾਂ ਦੀ ਚੋਣ ਕਰਨ ਅਤੇ ਖ਼ਤਰੇ ਵਾਲੇ ਇਲਾਕਿਆਂ ਵਿੱਚ ਇੱਕ ਸਮੇਂ ਸਿਰਫ਼ ਇੱਕ ਵਿਅਕਤੀ ਦੇ ਲੰਘਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਰਮ ਜਾਂ ਧੁੱਪ ਵਾਲੇ ਮੌਸਮ ਦੌਰਾਨ ਸੂਰਜ ਵੱਲ ਮੂੰਹ ਕਰਦੀਆਂ ਢਲਾਣਾਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ।

ਲੋਕ ਮੌਜੂਦਾ ਹਿਮਸਖਲਨ, ਮੌਸਮ ਅਤੇ ਬਰਫ਼ ਦੀ ਸਥਿਤੀ ਬਾਰੇ ਜਾਣਕਾਰੀ avalanche.ca ਅਤੇ ਅਲਬਰਟਾ ਪਾਰਕਸ ਦੀ ਵੈੱਬਸਾਈਟ ’ਤੇ ਉਪਲਬਧ ਸੁਰੱਖਿਆ ਚਿਤਾਵਨੀਆਂ ਅਤੇ ਟ੍ਰੇਲ ਰਿਪੋਰਟਾਂ ਰਾਹੀਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਨਨਾਸਕਿਸ ਮਾਊਂਟੇਨ ਰੈਸਕਿਊ ਟੀਮ ਨੇ ਹਿਮਸਖਲਨ ਵਾਲੇ ਇਲਾਕਿਆਂ ਦੀ ਪਛਾਣ ਅਤੇ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਵੱਖਰੀ ਵੈੱਬਸਾਈਟ ਵੀ ਤਿਆਰ ਕੀਤੀ ਹੈ।