ਕੰਮ ਦੌਰਾਨ ਮੁਲਾਜ਼ਮ ਦੀ ਮੌਤ ਦੇ ਮਾਮਲੇ ’ਚ ਕੰਪਨੀ ਨੂੰ 3.5 ਲੱਖ ਡਾਲਰ ਦਾ ਜੁਰਮਾਨਾ
Zero Gravity Crane & Rigging Inc. has been fined a total of $350,000 following a workplace fatality in Alberta. The company pleaded guilty to failing to protect a worker from falling through a roof opening at a worksite east of Coaldale on July 17, 2024.
ਅਲਬਰਟਾ*ਅਲਬਰਟਾ ਵਿੱਚ ਕੰਮ ਦੌਰਾਨ ਇੱਕ ਮੁਲਾਜ਼ਮ ਦੀ ਮੌਤ ਦੇ ਮਾਮਲੇ ਵਿੱਚ ਕਰੇਨ ਅਤੇ ਰਿਗਿੰਗ ਕੰਪਨੀ ਜ਼ੀਰੋ ਗ੍ਰੈਵਿਟੀ ਕਰੇਨ ਐਂਡ ਰਿਗਿੰਗ ਇੰਕ. ਨੂੰ ਕੁੱਲ 3.5 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ਨੇ 9 ਨਵੰਬਰ ਨੂੰ ਲੈਥਬ੍ਰਿਜ ਦੀ ਅਦਾਲਤ ਵਿੱਚ ਕੰਮਕਾਜੀ ਸਿਹਤ ਅਤੇ ਸੁਰੱਖਿਆ ਕੋਡ ਦੀ ਇੱਕ ਉਲੰਘਣਾ ਸਬੰਧੀ ਆਪਣਾ ਦੋਸ਼ ਕਬੂਲ ਕਰ ਲਿਆ। ਕੰਪਨੀ ਨੇ ਕੰਮ ਵਾਲੀ ਥਾਂ ’ਤੇ ਬਣੇ ਸੁਰਾਖ਼ ਰਾਹੀਂ ਮੁਲਾਜ਼ਮ ਦੇ ਡਿੱਗਣ ਤੋਂ ਬਚਾਅ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਨਾ ਬਣਾਉਣ ਦੀ ਗਲਤੀ ਮੰਨੀ ਹੈ। ਬਾਕੀ ਸਾਰੇ ਦੋਸ਼ ਵਾਪਸ ਲੈ ਲਏ ਗਏ ਹਨ।
ਇਹ ਮਾਮਲਾ 17 ਜੁਲਾਈ 2024 ਨੂੰ ਕੋਲਡੇਲ ਦੇ ਪੂਰਬ ਵਿੱਚ ਇੱਕ ਇਮਾਰਤ ਦੀ ਛੱਤ ’ਤੇ ਵਾਪਰੇ ਹਾਦਸੇ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਇੱਕ ਮੁਲਾਜ਼ਮ ਛੱਤ ਤੋਂ ਕੰਡੈਂਸਰ ਯੂਨਿਟ ਹਟਾਉਣ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਛੱਤ ਵਿੱਚ ਬਣੇ ਖੁੱਲ੍ਹੇ ਸੁਰਾਖ਼ ਰਾਹੀਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਅਦਾਲਤ ਨੇ ਕੰਪਨੀ ਨੂੰ ਵਿਕਟਿਮ ਫਾਈਨ ਸਰਚਾਰਜ ਸਮੇਤ 2.25 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਸਜ਼ਾ ਦੇ ਤਹਿਤ ਕੰਪਨੀ ਨੂੰ ਲੈਥਬ੍ਰਿਜ ਸਕੂਲ ਡਿਵੀਜ਼ਨ, ਹੋਲੀ ਸਪਿਰਿਟ ਕੈਥੋਲਿਕ ਸਕੂਲ ਡਿਵੀਜ਼ਨ ਅਤੇ ਪੈਲੀਸਰ ਸਕੂਲ ਡਿਵੀਜ਼ਨ ਨੂੰ ਕੁੱਲ 1.25 ਲੱਖ ਡਾਲਰ ਦੇਣ ਦੇ ਹੁਕਮ ਦਿੱਤੇ ਗਏ ਹਨ।
ਇਸ ਰਕਮ ਦੀ ਵਰਤੋਂ ਹਾਈ ਸਕੂਲਾਂ ਵਿੱਚ ਰਜਿਸਟਰਡ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਤਹਿਤ ਕਿੱਤਾਮੁਖੀ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ ਉਚਾਈ ਤੋਂ ਡਿੱਗਣ ਤੋਂ ਬਚਾਅ ਅਤੇ ਮੋਬਾਈਲ ਏਰੀਅਲ ਪਲੇਟਫਾਰਮ ਦੀ ਸੁਰੱਖਿਅਤ ਵਰਤੋਂ ਬਾਰੇ ਸਿਖਲਾਈ ਦੇਣ ਲਈ ਕੀਤੀ ਜਾਵੇਗੀ।
ਕੰਪਨੀ ਅਤੇ ਸਰਕਾਰੀ ਪੱਖ ਕੋਲ ਅਦਾਲਤ ਦੇ ਫ਼ੈਸਲੇ ਜਾਂ ਸਜ਼ਾ ਵਿਰੁੱਧ ਅਪੀਲ ਕਰਨ ਲਈ 30 ਦਿਨਾਂ ਦਾ ਸਮਾਂ ਹੈ। ਅਲਬਰਟਾ ਦੇ ਕੰਮਕਾਜੀ ਸਿਹਤ ਅਤੇ ਸੁਰੱਖਿਆ ਕਾਨੂੰਨ ਤਹਿਤ ਸੂਬੇ ਦੇ ਸਾਰੇ ਕਾਰਜ ਸਥਾਨਾਂ ’ਤੇ ਮੁਲਾਜ਼ਮਾਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਨਿਯਮ ਲਾਗੂ ਹਨ। ਜੇਕਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਾਰਨ ਕਿਸੇ ਦੀ ਮੌਤ ਜਾਂ ਗੰਭੀਰ ਸੱਟ ਲੱਗਦੀ ਹੈ ਤਾਂ ਸਬੰਧਤ ਧਿਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।














