'ਬਿਜ਼ਨਸ ਕਲਾਸ' ਸਕੀਮ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਣਾਇਆ ਰੁਜ਼ਗਾਰ ਸਿਰਜਣਹਾਰ

'ਬਿਜ਼ਨਸ ਕਲਾਸ' ਸਕੀਮ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਣਾਇਆ ਰੁਜ਼ਗਾਰ ਸਿਰਜਣਹਾਰ

ਚੰਡੀਗੜ੍ਹ: ਪੰਜਾਬ ਸਰਕਾਰ ਦੀ ‘ਬਿਜ਼ਨਸ ਕਲਾਸ’ ਸਕੀਮ ਨੇ ਆਪਣੇ ਪਹਿਲੇ ਹੀ ਸਾਲ ਵਿੱਚ ਸ਼ਾਨਦਾਰ ਨਤੀਜੇ ਦਿੱਤੇ ਹਨ। ਉੱਚ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਕਾਰੋਬਾਰਾਂ ਨੇ ਮਿਲ ਕੇ ਕਰੀਬ 90 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 2025-26 ਸੈਸ਼ਨ ਦੌਰਾਨ ਇਹ ਕੋਰਸ ਪੰਜਾਬ ਦੇ ਲਗਭਗ 95 ਹਜ਼ਾਰ ਵਿਦਿਆਰਥੀਆਂ ਲਈ ਲਾਜ਼ਮੀ ਕੀਤਾ ਗਿਆ ਸੀ। ਇਸ ਦੌਰਾਨ 25,693 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ, ਜਿਨ੍ਹਾਂ ਵਿੱਚੋਂ 20,241 ਉੱਦਮਾਂ ਨੇ ਮਿਲ ਕੇ ਕਰੀਬ 90 ਕਰੋੜ ਰੁਪਏ ਦੀ ਆਮਦਨ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਸਿਰਫ਼ ਡਿਗਰੀਆਂ ਦੇਣਾ ਨਹੀਂ, ਸਗੋਂ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਥਾਂ ਨੌਕਰੀਆਂ ਪੈਦਾ ਕਰਨ ਵਾਲਾ ਬਣਾਉਣਾ ਹੈ। ਸਕੀਮ ਰਾਹੀਂ ਵਿਦਿਆਰਥੀਆਂ ਵਿੱਚ ਉਦਯੋਗਪਤੀ ਬਣਨ ਦੀ ਸੋਚ, ਨਵੀਨਤਾ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਦੋ ਕ੍ਰੈਡਿਟ ਵਾਲਾ ਇਹ ਕੋਰਸ ਪੰਜਾਬ ਦੀਆਂ 20 ਯੂਨੀਵਰਸਿਟੀਆਂ, 494 ਕਾਲਜਾਂ, 320 ਆਈਟੀਆਈਆਂ ਅਤੇ 91 ਪੌਲੀਟੈਕਨਿਕ ਸੰਸਥਾਵਾਂ ਸਮੇਤ ਕੁੱਲ 925 ਸਿੱਖਿਆ ਸੰਸਥਾਵਾਂ ਵਿੱਚ ਲਾਗੂ ਕੀਤਾ ਗਿਆ। ਇਸ ਦੌਰਾਨ ਲਗਭਗ 57 ਹਜ਼ਾਰ ਵਿਦਿਆਰਥੀਆਂ ਨੇ ਵਿਹਾਰਕ ਕਾਰੋਬਾਰੀ ਗਤੀਵਿਧੀਆਂ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਈ-ਕਾਮਰਸ, ਫੂਡ ਸਰਵਿਸ, ਡਿਜ਼ੀਟਲ ਕੰਟੈਂਟ, ਗ੍ਰਾਫਿਕ ਡਿਜ਼ਾਈਨਿੰਗ, ਫਿਟਨੈੱਸ, ਖੇਤੀਬਾੜੀ, ਹਸਤਸ਼ਿਲਪ, ਰਿਟੇਲ ਅਤੇ ਹੋਰ ਸਥਾਨਕ ਸੇਵਾਵਾਂ ਨਾਲ ਜੁੜੇ ਕਈ ਕਾਰੋਬਾਰ ਸ਼ੁਰੂ ਕੀਤੇ। ਸਰਕਾਰ ਵੱਲੋਂ ਸਾਂਝੀਆਂ ਕੀਤੀਆਂ ਸਫ਼ਲਤਾ ਦੀਆਂ ਕਹਾਣੀਆਂ ਵਿੱਚ ਅੰਮ੍ਰਿਤਸਰ ਦੇ ਵਿਦਿਆਰਥੀ ਦਾ ਮਾਚਾ ਬੇਵਰੇਜ ਕਾਰੋਬਾਰ, ਬਠਿੰਡਾ ਦੇ ਵਿਦਿਆਰਥੀ ਦਾ ਡਿਜ਼ੀਟਲ ਕਰੀਅਰ ਪਲੇਟਫਾਰਮ, ਪਟਿਆਲਾ ਦੇ ਵਿਦਿਆਰਥੀ ਦੀ ਮਸ਼ਰੂਮ ਖੇਤੀ ਅਤੇ ਮੋਹਾਲੀ ਦੀ ਵਿਦਿਆਰਥਣ ਦਾ ਨੇਲ ਆਰਟ ਕਾਰੋਬਾਰ ਸ਼ਾਮਲ ਹਨ।

ਪਹਿਲੇ ਸਾਲ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ 2026-27 ਸੈਸ਼ਨ ਤੋਂ ਇਸ ਕੋਰਸ ਨੂੰ ਬੀਏ, ਬੀਐੱਸਸੀ ਅਤੇ ਹੋਰ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਵੀ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਤਾਂ ਜੋ ਹੋਰ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ-ਨਾਲ ਕਾਰੋਬਾਰੀ ਹੁਨਰ ਸਿੱਖ ਸਕਣ।