ਯੂਕਰੇਨ ਦੇ ਓਡੇਸਾ ਬੰਦਰਗਾਹ ਨੇੜੇ ਵਪਾਰਕ ਜਹਾਜ਼ 'ਤੇ ਹਮਲਾ, ਚਾਰ ਭਾਰਤੀ ਮਲਾਹਾਂ ਦੀ ਮੌਤ

ਯੂਕਰੇਨ ਦੇ ਓਡੇਸਾ ਬੰਦਰਗਾਹ ਨੇੜੇ ਵਪਾਰਕ ਜਹਾਜ਼ 'ਤੇ ਹਮਲਾ, ਚਾਰ ਭਾਰਤੀ ਮਲਾਹਾਂ ਦੀ ਮੌਤ

ਨਵੀਂ ਦਿੱਲੀ/ਓਡੇਸਾ-ਯੂਕਰੇਨ ਦੇ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਹੇ ਵਪਾਰਕ ਜਹਾਜ਼ ਐਮਵੀ ਗੋਲਡਨ ਲਿਓ (MV Golden Leo) 'ਤੇ ਹੋਏ ਹਮਲੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਭਾਰਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਇਸ ਘਟਨਾ ਦੀ ਪੁਸ਼ਟੀ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸੋਮਵਾਰ ਨੂੰ ਕੀਤੀ।ਵਿਦੇਸ਼ ਮੰਤਰਾਲੇ ਮੁਤਾਬਕ ਜਹਾਜ਼ 'ਤੇ ਕੁੱਲ 17 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਹਮਲੇ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਭਾਰਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਭਾਰਤ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘਾ ਦੁੱਖ ਪ੍ਰਗਟ ਕਰਦਿਆਂ ਜ਼ਖ਼ਮੀ ਭਾਰਤੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।ਭਾਰਤ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਵਪਾਰਕ ਜਹਾਜ਼ਾਂ ਅਤੇ ਬੇਗੁਨਾਹ ਨਾਗਰਿਕ ਕਰੂ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਨਿੰਦਣਯੋਗ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਹਮਲੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਨ੍ਹਾਂ ਤੋਂ ਹਰ ਹਾਲਤ ਵਿੱਚ ਬਚਣਾ ਚਾਹੀਦਾ ਹੈ।ਯੂਕਰੇਨ ਦੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਗਿਨੀ-ਬਿਸਾਉ ਦੇ ਝੰਡੇ ਹੇਠ ਰਜਿਸਟਰਡ ਐਮਵੀ ਗੋਲਡਨ ਲਿਓ 'ਤੇ ਤਿੰਨ ਰੂਸੀ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ।ਯੂਕਰੇਨ ਦੇ ਸਮੁੰਦਰੀ ਬੰਦਰਗਾਹ ਅਥਾਰਟੀ ਅਨੁਸਾਰ ਹਮਲੇ ਤੋਂ ਬਾਅਦ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ ਅਤੇ 17 ਵਿੱਚੋਂ ਅੱਠ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਉੱਧਰ, ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਨੇ ਓਡੇਸਾ ਬੰਦਰਗਾਹ 'ਤੇ ਮੌਜੂਦ ਈਂਧਨ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸੇ ਦੌਰਾਨ ਓਡੇਸਾ ਦੇ ਗਵਰਨਰ ਨੇ ਦਾਅਵਾ ਕੀਤਾ ਕਿ ਰੂਸੀ ਹਮਲਿਆਂ ਵਿੱਚ ਖੇਤਰ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਹ ਘਟਨਾ ਰੂਸ-ਯੂਕਰੇਨ ਜੰਗ ਦੌਰਾਨ ਵਪਾਰਕ ਸਮੁੰਦਰੀ ਆਵਾਜਾਈ ਲਈ ਵਧਦੇ ਖ਼ਤਰਿਆਂ ਨੂੰ ਇੱਕ ਵਾਰ ਫਿਰ ਉਜਾਗਰ ਕਰਦੀ ਹੈ।