ਕੈਨੇਡਾ ਦੇ 9 ਸੂਬਿਆਂ ਨੇ ਸ਼ਰਾਬ ਦੀ ਆਪਸੀ ਵਿਕਰੀ ਤੋਂ ਵਪਾਰਕ ਰੁਕਾਵਟਾਂ ਹਟਾਈਆਂ
ਸ਼ਾਰਲਟਟਾਊਨ-ਕੈਨੇਡਾ ਦੇ ਨੌਂ ਸੂਬਿਆਂ ਦੇ ਪ੍ਰੀਮੀਅਰਾਂ ਨੇ ਦੇਸ਼ ਅੰਦਰ ਸ਼ਰਾਬ ਦੀ ਵਿਕਰੀ ਨੂੰ ਆਸਾਨ ਬਣਾਉਣ ਲਈ ਇੱਕ ਮਹੱਤਵਪੂਰਨ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਸਮਝੌਤੇ ਤਹਿਤ ਸੂਬਾਈ ਸਰਹੱਦਾਂ ਪਾਰ ਬੀਅਰ, ਵਾਈਨ ਅਤੇ ਸਪਿਰਿਟਸ ਦੀ ਸਿੱਧੀ ਖਪਤਕਾਰਾਂ ਤੱਕ ਵਿਕਰੀ ਦੀਆਂ ਵੱਡੀਆਂ ਰੁਕਾਵਟਾਂ ਹਟਾਈਆਂ ਜਾਣਗੀਆਂ।
ਸਮਝੌਤੇ ਅਨੁਸਾਰ ਹਰ ਸੂਬਾ ਆਪਣੇ ਨਿਯਮਾਂ ਵਿੱਚ ਸੋਧ ਕਰੇਗਾ ਤਾਂ ਜੋ ਬੀਅਰ ਬਣਾਉਣ ਵਾਲੀਆਂ ਬ੍ਰੂਅਰੀਆਂ ਅਤੇ ਸ਼ਰਾਬ ਤਿਆਰ ਕਰਨ ਵਾਲੀਆਂ ਡਿਸਟਿਲਰੀਆਂ ਕਿਸੇ ਵੀ ਹੋਰ ਸੂਬੇ ਦੇ ਗਾਹਕਾਂ ਨੂੰ ਸਿੱਧੀ ਵਿਕਰੀ ਕਰ ਸਕਣ। ਇਸ ਨਾਲ ਕੈਨੇਡਾ ਦੇ ਅੰਦਰੂਨੀ ਵਪਾਰ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।ਹੁਣ ਤੱਕ ਇੱਕ ਸੂਬੇ ਵਿੱਚ ਤਿਆਰ ਕੀਤੀ ਗਈ ਬੀਅਰ, ਵਾਈਨ ਜਾਂ ਹੋਰ ਸ਼ਰਾਬੀ ਪਦਾਰਥਾਂ ਨੂੰ ਦੂਜੇ ਸੂਬੇ ਵਿੱਚ ਸਿੱਧੇ ਭੇਜਣ ਅਤੇ ਵੇਚਣ 'ਤੇ ਵੱਖ-ਵੱਖ ਸੂਬਾਈ ਨਿਯਮ ਅਤੇ ਸਮਝੌਤੇ ਲਾਗੂ ਹੁੰਦੇ ਸਨ, ਜਿਸ ਕਾਰਨ ਵਪਾਰ ਵਿੱਚ ਕਈ ਰੁਕਾਵਟਾਂ ਆਉਂਦੀਆਂ ਸਨ।
ਯਾਦ ਰਹੇ ਕਿ ਜੂਨ 2025 ਵਿੱਚ ਕੈਨੇਡਾ ਦੇ ਸਾਰੇ 10 ਸੂਬਿਆਂ ਅਤੇ ਯੂਕਨ ਨੇ ਇੱਕ ਸਮਝੌਤਾ-ਪੱਤਰ 'ਤੇ ਦਸਤਖ਼ਤ ਕਰਕੇ ਮਈ 2026 ਤੱਕ ਖਪਤਕਾਰਾਂ ਨੂੰ ਸਿੱਧੀ ਵਿਕਰੀ ਲਈ ਸੂਬਾਈ ਸਰਹੱਦਾਂ ਖੋਲ੍ਹਣ ਦਾ ਵਾਅਦਾ ਕੀਤਾ ਸੀ। ਇਸ ਤੋਂ ਪਹਿਲਾਂ ਹੀ ਨਿਊ ਬਰੰਜ਼ਵਿਕ ਅਤੇ ਮੈਨੀਟੋਬਾ ਆਪਣੇ ਬਾਜ਼ਾਰ ਬਾਹਰੀ ਸੂਬਿਆਂ ਦੇ ਉਤਪਾਦਾਂ ਲਈ ਖੋਲ੍ਹ ਚੁੱਕੇ ਸਨ।
ਹਾਲਾਂਕਿ ਇਸ ਨਵੇਂ ਸਮਝੌਤੇ 'ਤੇ ਕਿਊਬੈਕ, ਯੂਕਨ, ਨਾਰਥਵੈਸਟ ਟੈਰਿਟਰੀਜ਼ ਅਤੇ ਨੂਨਾਵੁਟ ਨੇ ਦਸਤਖ਼ਤ ਨਹੀਂ ਕੀਤੇ। ਫਿਰ ਵੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਊਬੈਕ ਅਤੇ ਯੂਕਨ ਨੇੜਲੇ ਭਵਿੱਖ ਵਿੱਚ ਇਸ ਸਮਝੌਤੇ ਨਾਲ ਜੁੜਨ ਲਈ ਕੰਮ ਕਰ ਰਹੇ ਹਨ।ਸਮਝੌਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਪਰ ਬ੍ਰਿਟਿਸ਼ ਕੋਲੰਬੀਆ ਨੂੰ ਆਪਣੇ ਨਿਯਮਾਂ ਵਿੱਚ ਤਬਦੀਲੀਆਂ ਕਰਨ ਲਈ ਕੁਝ ਵਾਧੂ ਸਮੇਂ ਦੀ ਲੋੜ ਹੈ। ਸੂਬੇ ਨੇ ਫ਼ਰਵਰੀ 2027 ਤੱਕ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਰੱਖਿਆ ਹੈ।
ਨਿਊ ਬਰੰਜ਼ਵਿਕ ਦੀ ਪ੍ਰੀਮੀਅਰ ਸੂਜ਼ਨ ਹੋਲਟ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਅਗਸਤ ਵਿੱਚ ਸਭ ਤੋਂ ਪਹਿਲਾਂ ਸਿੱਧੀ ਖਪਤਕਾਰ ਵਿਕਰੀ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਕੈਨੇਡੀਅਨ ਉਤਪਾਦਾਂ ਦੀ ਮੰਗ ਵਧੇਗੀ ਅਤੇ ਅੰਦਰੂਨੀ ਵਪਾਰ ਨੂੰ ਮਜ਼ਬੂਤੀ ਮਿਲੇਗੀ, ਜੋ ਮੌਜੂਦਾ ਆਰਥਿਕ ਹਾਲਾਤਾਂ ਵਿੱਚ ਬਹੁਤ ਮਹੱਤਵਪੂਰਨ ਹੈ।ਦੂਜੇ ਪਾਸੇ ਨਾਰਥਵੈਸਟ ਟੈਰਿਟਰੀਜ਼ ਅਤੇ ਨੂਨਾਵੁਟ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਅੰਦਰੂਨੀ ਵਪਾਰਕ ਰੁਕਾਵਟਾਂ ਘਟਾਉਣ ਦੇ ਉਦੇਸ਼ ਦਾ ਸਮਰਥਨ ਕਰਦੇ ਹਨ, ਪਰ ਉਨ੍ਹਾਂ ਦੇ ਇਲਾਕਿਆਂ ਦੀਆਂ ਵਿਲੱਖਣ ਸਥਿਤੀਆਂ ਕਾਰਨ ਉਹ ਇਸ ਸਮਝੌਤੇ ਦਾ ਹਿੱਸਾ ਨਹੀਂ ਬਣੇ। ਉਨ੍ਹਾਂ ਕਿਹਾ ਕਿ ਉੱਤਰੀ ਖੇਤਰਾਂ ਦੀਆਂ ਕਈ ਕਮਿਊਨਿਟੀਆਂ ਵਿੱਚ ਸ਼ਰਾਬ ਸਬੰਧੀ ਨਿਯਮ ਸਥਾਨਕ ਲੋਕਾਂ ਦੀਆਂ ਤਰਜੀਹਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਅਨੁਸਾਰ ਤੈਅ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਲਾਜ਼ਮੀ ਹੈ।ਇਹ ਸਮਝੌਤਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਯਾਤ ਹੋਣ ਵਾਲੀ ਬੀਅਰ, ਵਾਈਨ ਅਤੇ ਹੋਰ ਸ਼ਰਾਬੀ ਪਦਾਰਥਾਂ 'ਤੇ 50 ਫ਼ੀਸਦੀ ਤੱਕ ਟੈਰਿਫ਼ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।ਪ੍ਰੀਮੀਅਰਾਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਸੂਬੇ ਅਤੇ ਟੈਰਿਟਰੀਆਂ ਅੰਦਰੂਨੀ ਵਪਾਰਕ ਰੁਕਾਵਟਾਂ ਦੂਰ ਕਰਨ ਲਈ ਆਪਸੀ ਸਹਿਯੋਗ ਅਤੇ ਸੰਘੀ ਸਰਕਾਰ ਨਾਲ ਮਿਲ ਕੇ ਕੰਮ ਜਾਰੀ ਰੱਖਣਗੇ, ਤਾਂ ਜੋ ਕੈਨੇਡਾ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ, ਲਚਕੀਲਾ ਅਤੇ ਮੁਕਾਬਲੇਯੋਗ ਬਣਾਇਆ ਜਾ ਸਕੇ।
















