ਟੋਰਾਂਟੋ ਵਿੱਚ ਆਵਾਜਾਈ ਸੁਧਾਰ ਵੱਲ ਇਤਿਹਾਸਕ ਕਦਮ

ਟੋਰਾਂਟੋ ਵਿੱਚ ਆਵਾਜਾਈ ਸੁਧਾਰ ਵੱਲ ਇਤਿਹਾਸਕ ਕਦਮ

ਓਂਟਾਰੀਓ ਲਾਈਨ ਗਾਈਡਵੇਅ ਦਾ ਨਿਰਮਾਣ ਸ਼ੁਰੂ

ਟੋਰਾਂਟੋ-ਓਂਟਾਰੀਓ ਸਰਕਾਰ ਨੇ ਓਂਟਾਰੀਓ ਲਾਈਨ ਦੇ ਗਾਈਡਵੇਅ ਅਤੇ ਚਾਰ ਨਵੀਆਂ ਸਟੇਸ਼ਨਾਂ ਦੇ ਨਿਰਮਾਣ ਦੀ ਅਧਿਕਾਰਿਕ ਸ਼ੁਰੂਆਤ ਕਰ ਦਿੱਤੀ ਹੈ। ਇਹ ਪ੍ਰੋਜੈਕਟ ਨੌਕਰੀਆਂ ਪੈਦਾ ਕਰਨ, ਯਾਤਰਾ ਸਮਾਂ ਘਟਾਉਣ ਅਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਲਗਭਗ 2.3 ਲੱਖ ਹੋਰ ਲੋਕਾਂ ਨੂੰ ਜਨਤਕ ਆਵਾਜਾਈ ਦੇ ਨੇੜੇ ਲਿਆਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਜਨਤਕ ਆਵਾਜਾਈ ਵਿੱਚ 70 ਅਰਬ ਡਾਲਰ ਦਾ ਨਿਵੇਸ਼ ਟ੍ਰੈਫਿਕ ਭੀੜ ਘਟਾਉਣ ਅਤੇ ਆਰਥਿਕ ਅਣਿਸ਼ਚਿਤਤਾ ਦੇ ਸਮੇਂ ਮਜ਼ਦੂਰਾਂ ਦੀ ਸੁਰੱਖਿਆ ਲਈ ਅਹਿਮ ਹੈ। ਉਨ੍ਹਾਂ ਦੇ ਮੁਤਾਬਕ ਨਵੀਂ ਲਾਈਨ ਯਾਤਰਾ ਸਮੇਂ ਨੂੰ ਘਟਾ ਕੇ ਵੱਡਾ ਬਦਲਾਅ ਲਿਆਵੇਗੀ ਅਤੇ ਹੋਰ ਟਰਾਂਜ਼ਿਟ ਸੇਵਾਵਾਂ ਨਾਲ 40 ਤੋਂ ਵੱਧ ਜੋੜ ਪ੍ਰਦਾਨ ਕਰੇਗੀ। ਤਿੰਨ ਕਿਲੋਮੀਟਰ ਲੰਬੇ ਉੱਚੇ ਟਰੈਕ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਡਾਨ ਵੈਲੀ, ਫਲੇਮਿੰਗਡਨ ਪਾਰਕ ਅਤੇ ਥਾਰਨਕਲਿਫ਼ ਪਾਰਕ ਸਟੇਸ਼ਨਾਂ ਨੂੰ ਜੋੜੇਗਾ। ਇਸ ਨਾਲ ਕਰੀਬ 30,500 ਲੋਕਾਂ ਨੂੰ ਸਬਵੇ ਤੱਕ ਪੈਦਲ ਪਹੁੰਚ ਮਿਲੇਗੀ ਅਤੇ ਖੇਤਰ ਵਿੱਚ 14,800 ਨੌਕਰੀਆਂ ਤੱਕ ਪਹੁੰਚ ਸੁਧਰੇਗੀ।

ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਇਹ ਯੋਜਨਾ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਬਵੇ ਵਿਸਥਾਰ ਯੋਜਨਾ ਦਾ ਕੇਂਦਰ ਹੈ ਅਤੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਇਸ ਦੇ ਨਾਲ ਕੋਜ਼ਬਰਨ ਸਟੇਸ਼ਨ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ, ਜੋ ਪੇਪ ਵਿਲੇਜ ਖੇਤਰ ਨੂੰ ਪਹਿਲੀ ਵਾਰ ਸਬਵੇ ਨਾਲ ਜੋੜੇਗਾ ਅਤੇ 10 ਹਜ਼ਾਰ ਤੋਂ ਵੱਧ ਲੋਕਾਂ ਦਾ ਯਾਤਰਾ ਸਮਾਂ ਘਟਾਏਗਾ। ਪੂਰਾ ਹੋਣ ’ਤੇ 15.6 ਕਿਲੋਮੀਟਰ ਲੰਬੀ ਇਹ ਲਾਈਨ ਐਗਜ਼ੀਬਿਸ਼ਨ ਪਲੇਸ ਤੋਂ ਡਾਊਨਟਾਊਨ ਰਾਹੀਂ ਡਾਨ ਮਿਲਜ਼ ਤੱਕ 15 ਸਟੇਸ਼ਨਾਂ ਨਾਲ ਜੋੜ ਬਣਾਏਗੀ। ਮੇਅਰ ਓਲੀਵੀਆ ਚਾਓ ਨੇ ਕਿਹਾ ਕਿ ਇਹ ਪ੍ਰੋਜੈਕਟ ਟ੍ਰੈਫਿਕ ਭੀੜ ਘਟਾਉਣ, ਯਾਤਰਾ ਸੁਵਿਧਾ ਵਧਾਉਣ ਅਤੇ ਸ਼ਹਿਰ ਨੂੰ ਹੋਰ ਕੁਸ਼ਲ ਤੇ ਜੋੜਿਆ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।