2,200 ਕੌਂਡੋ ਖਰੀਦ ਕੇ ਕਿਫਾਇਤੀ ਮਕਾਨ ਬਣਾਉਣ ਦੀ ਯੋਜਨਾ 'ਤੇ ਵਿਵਾਦ, ਬੀ.ਸੀ. ਸਰਕਾਰ ਘਿਰੀ ਵਿਰੋਧੀਆਂ ਦੇ ਨਿਸ਼ਾਨੇ 'ਤੇ

2,200 ਕੌਂਡੋ ਖਰੀਦ ਕੇ ਕਿਫਾਇਤੀ ਮਕਾਨ ਬਣਾਉਣ ਦੀ ਯੋਜਨਾ 'ਤੇ ਵਿਵਾਦ, ਬੀ.ਸੀ. ਸਰਕਾਰ ਘਿਰੀ ਵਿਰੋਧੀਆਂ ਦੇ ਨਿਸ਼ਾਨੇ 'ਤੇ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੀ ਸੰਘੀ ਸਰਕਾਰ ਵੱਲੋਂ 2,200 ਕੌਂਡੋ ਖਰੀਦ ਕੇ ਉਨ੍ਹਾਂ ਨੂੰ ਕਿਫਾਇਤੀ ਰਿਹਾਇਸ਼ੀ ਇਕਾਈਆਂ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬੀ.ਸੀ. ਕਨਜ਼ਰਵੇਟਿਵ ਪਾਰਟੀ ਨੇ ਇਸ ਫੈਸਲੇ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਖਾਲੀ ਪਏ ਘਰਾਂ ਦੇ ਡਿਵੈਲਪਰਾਂ ਨੂੰ ਆਰਥਿਕ ਰਾਹਤ ਦੇ ਰਹੀ ਹੈ।ਹਾਊਸਿੰਗ ਮਾਮਲਿਆਂ ਲਈ ਕਨਜ਼ਰਵੇਟਿਵ ਆਲੋਚਕ ਅਤੇ ਵਿਧਾਇਕ ਲਿੰਡਾ ਹੈਪਨਰ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਵਿੱਚ ਕਰੋੜਾਂ ਡਾਲਰ ਖਰਚ ਕਰਕੇ ਉਹਨਾਂ ਡਿਵੈਲਪਰਾਂ ਨੂੰ ਬਚਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਜੋਖ਼ਿਮ ਭਰੇ ਨਿਵੇਸ਼ ਕੀਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸੂਬੇ ਦੇ ਰਿਹਾਇਸ਼ੀ ਸੰਕਟ ਦਾ ਕੋਈ ਢੁੱਕਵਾਂ ਹੱਲ ਨਹੀਂ ਨਿਕਲੇਗਾ।

ਹੈਪਨਰ ਨੇ ਕਿਹਾ ਕਿ ਜੇ ਡਿਵੈਲਪਰਾਂ ਨੂੰ ਇਹ ਭਰੋਸਾ ਹੋ ਜਾਵੇ ਕਿ ਲੰਮੇ ਸਮੇਂ ਤੱਕ ਕੌਂਡੋ ਨਾ ਵਿਕਣ ਦੀ ਸੂਰਤ ਵਿੱਚ ਸਰਕਾਰ ਉਨ੍ਹਾਂ ਨੂੰ ਖਰੀਦ ਲਵੇਗੀ, ਤਾਂ ਉਨ੍ਹਾਂ ਕੋਲ ਕੀਮਤਾਂ ਘਟਾਉਣ ਦਾ ਕੋਈ ਉਤਸ਼ਾਹ ਨਹੀਂ ਰਹੇਗਾ।

ਉਨ੍ਹਾਂ ਨੇ ਦਲੀਲ ਦਿੱਤੀ ਕਿ ਸਰਕਾਰ ਨੂੰ ਕੁਝ ਸਖ਼ਤ ਨੀਤੀਆਂ ਅਤੇ ਟੈਕਸਾਂ ਵਿੱਚ ਰਾਹਤ ਦੇਣੀ ਚਾਹੀਦੀ ਸੀ ਤਾਂ ਜੋ ਲੋਕ ਖੁਦ ਘਰ ਖਰੀਦ ਸਕਣ। ਹੈਪਨਰ ਮੁਤਾਬਕ ਜੇ ਸੂਬਾਈ ਅਤੇ ਸੰਘੀ ਸਰਕਾਰਾਂ ਹਾਊਸਿੰਗ ਸੰਕਟ ਦਾ ਹੱਲ ਲੱਭਣਾ ਚਾਹੁੰਦੀਆਂ ਹਨ ਤਾਂ ਬਾਜ਼ਾਰ ਦੀਆਂ ਕੁਦਰਤੀ ਤਾਕਤਾਂ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਨਿਰਮਾਣ ਲਾਗਤਾਂ ਵਿੱਚ ਰੁਕਾਵਟ ਬਣ ਰਹੇ ਨਿਯਮਾਂ ਨੂੰ ਘਟਾਉਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਜ਼ਿਆਦਾਤਰ ਕੌਂਡੋ 500 ਵਰਗ ਫੁੱਟ ਤੋਂ ਵੀ ਘੱਟ ਖੇਤਰਫਲ ਵਾਲੇ ਹਨ, ਜਿਨ੍ਹਾਂ ਵਿੱਚ ਸਿਰਫ਼ ਇੱਕ ਵਿਅਕਤੀ ਹੀ ਆਰਾਮ ਨਾਲ ਰਹਿ ਸਕਦਾ ਹੈ। ਇਸ ਨਾਲ ਘਰਾਂ ਦੀ ਮਾਲਕੀ ਦੇ ਮੌਕਿਆਂ ਵਿੱਚ ਕਮੀ ਆਵੇਗੀ।

ਦੂਜੇ ਪਾਸੇ, ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਆਗੂ ਕੈਰੀ-ਲਿਨ ਫਿੰਡਲੇ ਨੇ ਦੋਸ਼ ਲਾਇਆ ਕਿ ਐਨ.ਡੀ.ਪੀ. ਸਰਕਾਰ ਨੇ ਹਾਊਸਿੰਗ ਉਦਯੋਗ ਲਈ ਵਿਰੋਧੀ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਚੇ ਟੈਕਸ, ਵਾਧੂ ਨਿਯਮ ਅਤੇ ਕਾਨੂੰਨੀ ਅਨਿਸ਼ਚਿਤਤਾ ਕਾਰਨ ਨਵੇਂ ਪ੍ਰਾਜੈਕਟਾਂ ਦਾ ਨਿਰਮਾਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।ਹਾਲਾਂਕਿ ਸੂਬਾਈ ਮਿਊਂਸਪਲ ਮਾਮਲਿਆਂ ਅਤੇ ਹਾਊਸਿੰਗ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਇਸ ਯੋਜਨਾ ਦਾ ਬਚਾਅ ਕੀਤਾ ਗਿਆ ਹੈ। ਸਰਕਾਰਾਂ ਦਾ ਕਹਿਣਾ ਹੈ ਕਿ ਕੌਂਡੋ ਖਰੀਦ ਕੇ ਉਨ੍ਹਾਂ ਨੂੰ ਕਿਫਾਇਤੀ ਘਰਾਂ ਵਿੱਚ ਬਦਲਣਾ ਰਿਹਾਇਸ਼ ਦੀ ਉਪਲਬਧਤਾ ਵਧਾਉਣ ਦਾ ਸਭ ਤੋਂ ਤੇਜ਼ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।ਇਸ ਯੋਜਨਾ ਦੇ ਤਹਿਤ ਅਗਲੇ 10 ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਬੁਨਿਆਦੀ ਢਾਂਚੇ ਲਈ 5 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕੀਤਾ ਜਾਵੇਗਾ। ਇਸ ਵਿੱਚ ਸਿਹਤ ਸੇਵਾਵਾਂ ਦੇ ਢਾਂਚੇ ਦਾ ਆਧੁਨਿਕੀਕਰਨ, ਗੰਦੇ ਪਾਣੀ ਦੇ ਪ੍ਰਬੰਧਨ ਪ੍ਰਣਾਲੀਆਂ ਅਤੇ ਸਥਾਨਕ ਸੜਕਾਂ ਦੇ ਵਿਕਾਸ ਲਈ ਫੰਡ ਸ਼ਾਮਲ ਹਨ।ਹਾਲਾਂਕਿ ਹੁਣ ਤੱਕ ਨਾ ਤਾਂ ਓਟਾਵਾ ਅਤੇ ਨਾ ਹੀ ਵਿਕਟੋਰੀਆ ਸਰਕਾਰ ਨੇ 2,200 ਕੌਂਡੋ ਖਰੀਦਣ ਦੀ ਕੁੱਲ ਲਾਗਤ ਬਾਰੇ ਕੋਈ ਜਾਣਕਾਰੀ ਜਨਤਕ ਕੀਤੀ ਹੈ।