ਅਮਰੀਕੀ ਸੈਨੇਟਰ ਐਮੀ ਕਲੋਬੁਚਾਰ ਨੇ ਮਿਨੀਸੋਟਾ ਦੇ ਗਵਰਨਰ ਲਈ ਚੋਣ ਲੜਨ ਦਾ ਐਲਾਨ ਕੀਤਾ

ਅਮਰੀਕੀ ਸੈਨੇਟਰ ਐਮੀ ਕਲੋਬੁਚਾਰ ਨੇ ਮਿਨੀਸੋਟਾ ਦੇ ਗਵਰਨਰ ਲਈ ਚੋਣ ਲੜਨ ਦਾ ਐਲਾਨ ਕੀਤਾ

ਵਾਸ਼ਿੰਗਟਨ/ਮਿਨੀਐਪੋਲਿਸ: ਡੈਮੋਕ੍ਰੇਟਿਕ ਅਮਰੀਕੀ ਸੈਨੇਟਰ ਐਮੀ ਕਲੋਬੁਚਾਰ ਨੇ ਆਪਣੇ ਗ੍ਰਹਿ ਰਾਜ ਮਿਨੀਸੋਟਾ ਦੇ ਗਵਰਨਰ ਅਹੁਦੇ ਲਈ ਚੋਣ ਮੈਦਾਨ ਵਿੱਚ ਉਤਰਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਰਾਜ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਚੱਲ ਰਹੀ ਸਖ਼ਤੀ ਅਤੇ ਉਥਲ-ਪੁਥਲ ਕਾਰਨ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ।

ਵੀਰਵਾਰ ਨੂੰ ਜਾਰੀ ਕੀਤੀ ਇੱਕ ਵੀਡੀਓ ਵਿੱਚ ਕਲੋਬੁਚਾਰ ਨੇ ਸਭ ਪਾਰਟੀਆਂ ਵਿੱਚ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਰਾਜਨੀਤਿਕ ਵੰਡ ਨੂੰ ਘਟਾਉਣ ਅਤੇ ਸਾਂਝੀ ਜ਼ਮੀਨ ਲੱਭਣ ਲਈ ਤਿਆਰ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਜਿਹਾ ਨੇਤਾ ਦੱਸਿਆ ਜੋ ਵੱਖ-ਵੱਖ ਵਿਚਾਰਧਾਰਾਵਾਂ ਨੂੰ ਜੋੜ ਸਕਦਾ ਹੈ।

ਉਨ੍ਹਾਂ ਦੀ ਉਮੀਦਵਾਰੀ ਉਸ ਤੋਂ ਬਾਅਦ ਸਾਹਮਣੇ ਆਈ ਹੈ ਜਦੋਂ ਮੌਜੂਦਾ ਗਵਰਨਰ ਟਿਮ ਵਾਲਜ਼ ਨੇ ਰਾਜ ਵਿੱਚ ਸਾਹਮਣੇ ਆਏ ਇਕ ਵੱਡੇ ਧੋਖਾਧੜੀ ਘੋਟਾਲੇ ਦੇ ਮਾਮਲੇ ‘ਚ ਆਲੋਚਨਾ ਦੇ ਚਲਦਿਆਂ ਆਪਣੀ ਮੁੜ ਚੋਣ ਮੁਹਿੰਮ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ।

ਚਾਰ ਵਾਰ ਸੈਨੇਟਰ ਰਹਿ ਚੁੱਕੀ ਕਲੋਬੁਚਾਰ ਨੇ ਆਪਣਾ ਐਲਾਨ ਕੁਝ ਸਮੇਂ ਲਈ ਟਾਲ ਦਿੱਤਾ ਸੀ, ਕਿਉਂਕਿ ਪਿਛਲੇ ਹਫ਼ਤੇ ਸੰਘੀ ਏਜੰਟਾਂ ਵੱਲੋਂ ਐਲੈਕਸ ਪ੍ਰੇਟੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਇਸ ਤੋਂ ਦੋ ਹਫ਼ਤੇ ਪਹਿਲਾਂ ਰੇਨੀ ਗੁੱਡ ਨਾਂ ਦੀ ਹੋਰ ਅਮਰੀਕੀ ਨਾਗਰਿਕ ਵੀ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ ਮਾਰੀ ਗਈ ਸੀ। ਇਨ੍ਹਾਂ ਘਟਨਾਵਾਂ ਕਾਰਨ ਸੰਘੀ ਏਜੰਟਾਂ ਦੀ ਤਾਕਤ ਅਤੇ ਤਰੀਕਿਆਂ ‘ਤੇ ਸਵਾਲ ਖੜ੍ਹੇ ਹੋ ਗਏ ਹਨ।

ਇਹ ਕਾਰਵਾਈਆਂ ਹੋਰ ਹਿੰਸਕ ਘਟਨਾਵਾਂ ਸਮੇਤ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਰਾਹੀਂ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ‘ਚ ਆ ਗਈਆਂ ਹਨ। ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ “ਹੌਲਾ ਕਰਨ” ਦਾ ਵਾਅਦਾ ਵੀ ਕੀਤਾ ਹੈ।

ਰਾਜਨੀਤਿਕ ਵਿਸ਼ਲੇਸ਼ਕਾਂ ਮੁਤਾਬਕ, ਕਲੋਬੁਚਾਰ ਨਵੰਬਰ ਵਿੱਚ ਹੋਣ ਵਾਲੀ ਗਵਰਨਰ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਮੰਨੀ ਜਾ ਰਹੀ ਹੈ। ਗੌਰਤਲਬ ਹੈ ਕਿ ਰਿਪਬਲਿਕਨ ਪਾਰਟੀ 2006 ਤੋਂ ਬਾਅਦ ਮਿਨੀਸੋਟਾ ਵਿੱਚ ਕੋਈ ਵੀ ਰਾਜ ਪੱਧਰੀ ਚੋਣ ਨਹੀਂ ਜਿੱਤ ਸਕੀ।

ਰਿਪਬਲਿਕਨ ਪਾਰਟੀ ਦੇ ਇੱਕ ਦਾਵੇਦਾਰ ਕ੍ਰਿਸ ਮੈਡਲ ਨੇ ਵੀ ਸੋਮਵਾਰ ਨੂੰ ਆਪਣੀ ਉਮੀਦਵਾਰੀ ਵਾਪਸ ਲੈਂਦਿਆਂ ਰਾਜ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਕਾਰਵਾਈ ਨੂੰ “ਪੂਰੀ ਤਰ੍ਹਾਂ ਅਸਫ਼ਲ” ਕਰਾਰ ਦਿੱਤਾ।

ਆਪਣੇ ਸੰਦੇਸ਼ ਵਿੱਚ ਕਲੋਬੁਚਾਰ ਨੇ ਕਿਹਾ, “ਅਸੀਂ ਇਹ ਗੱਲ ਛੁਪਾ ਨਹੀਂ ਸਕਦੇ ਕਿ ਹਾਲਾਤ ਕਿੰਨੇ ਮੁਸ਼ਕਲ ਹਨ, ਪਰ ਅਜਿਹੇ ਸਮਿਆਂ ਵਿੱਚ ਮਿਨੀਸੋਟਾ ਦੀ ਮਿਹਨਤ, ਆਜ਼ਾਦੀ ਅਤੇ ਸਾਦਗੀ ਭਰੀ ਇਨਸਾਨੀਅਤ ਸਾਨੂੰ ਮਜ਼ਬੂਤ ਬਣਾਉਂਦੀ ਹੈ।”

ਉਨ੍ਹਾਂ ਨੇ ਰਾਜ ਵਿੱਚ ਪਿਛਲੇ ਮਹੀਨਿਆਂ ਦੌਰਾਨ ਵਾਪਰੀਆਂ ਹੋਰ ਹਿੰਸਕ ਘਟਨਾਵਾਂ—ਜਿਵੇਂ ਇੱਕ ਸੂਬਾਈ ਵਿਧਾਇਕ ਅਤੇ ਉਸਦੇ ਪਤੀ ਦੀ ਹੱਤਿਆ ਅਤੇ ਇੱਕ ਗਿਰਜਾਘਰ ਵਿੱਚ ਦੋ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ—ਦਾ ਵੀ ਜ਼ਿਕਰ ਕੀਤਾ।

ਕਲੋਬੁਚਾਰ ਨੇ ਆਪਣੇ ਭਾਸ਼ਣ ਵਿੱਚ ਰਾਸ਼ਟਰਪਤੀ ਟਰੰਪ ਦਾ ਨਾਂ ਨਹੀਂ ਲਿਆ, ਪਰ ਲਗਭਗ 3,000 ਸੰਘੀ ਇਮੀਗ੍ਰੇਸ਼ਨ ਏਜੰਟਾਂ ਦੀ ਤਾਇਨਾਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ “ਉਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜੋ ਵੰਡ ਨੂੰ ਹੋਰ ਵਧਾਉਂਦਾ ਹੈ।”

ਧੋਖਾਧੜੀ ਮਾਮਲੇ ‘ਤੇ ਉਨ੍ਹਾਂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਜੋ ਵੀ ਲੋਕ ਟੈਕਸਦਾਤਿਆਂ ਦਾ ਪੈਸਾ ਚੁਰਾਉਂਦੇ ਹਨ, ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।

ਗੌਰਤਲਬ ਹੈ ਕਿ ਐਮੀ ਕਲੋਬੁਚਾਰ 2007 ਤੋਂ ਅਮਰੀਕੀ ਸੈਨੇਟ ਵਿੱਚ ਹਨ ਅਤੇ ਕਈ ਮਹੱਤਵਪੂਰਨ ਕਮੇਟੀਆਂ ‘ਚ ਸੇਵਾ ਨਿਭਾ ਚੁੱਕੀਆਂ ਹਨ, ਜਦਕਿ ਉਹ ਸੈਨੇਟ ਰੂਲਜ਼ ਕਮੇਟੀ ਦੀ ਚੇਅਰਪਰਸਨ ਵੀ ਰਹਿ ਚੁੱਕੀਆਂ ਹਨ। ਆਪਣੇ ਆਪ ਨੂੰ ਉਹ ਦਲ-ਪਾਰਟੀ ਸਹਿਯੋਗ ‘ਤੇ ਯਕੀਨ ਰੱਖਣ ਵਾਲੀ ਨੇਤਾ ਵਜੋਂ ਪੇਸ਼ ਕਰਦੀਆਂ ਹਨ।