1.8 ਮਿਲੀਅਨ ਡਾਲਰ ਦੀ ਠੱਗੀ ਮਾਮਲੇ ’ਚ ਫਾਇਨਾਂਸ਼ੀਅਲ ਐਡਵਾਈਜ਼ਰ ਦੋਸ਼ੀ ਕਰਾਰ
ਓਨਟਾਰੀਓ-ਲਗਭਗ 25 ਕਲਾਇੰਟਸ ਨਾਲ ਤਕਰੀਬਨ 1.8 ਮਿਲੀਅਨ ਡਾਲਰ ਦੀ ਵੱਡੀ ਠੱਗੀ ਕਰਨ ਦੇ ਮਾਮਲੇ ਵਿੱਚ ਇੱਕ ਫਾਇਨਾਂਸ਼ੀਅਲ ਐਡਵਾਈਜ਼ਰ ਨੂੰ ਦੋਸ਼ੀ ਕਰਾਰ ਦਿੰਦਿਆਂ ਸਕਿਊਰਿਟੀਜ਼ ਇੰਡਸਟਰੀ ਵੱਲੋਂ ਉਸ ’ਤੇ ਜ਼ਿੰਦਗੀ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਦੋਸ਼ੀ ਨੇ ਆਪਣੇ ਫਰਾਡ ਦੀ ਗੱਲ ਵੀ ਸਵੀਕਾਰ ਕਰ ਲਈ ਹੈ।
41 ਸਾਲਾ ਦੋਸ਼ੀ ਕੈਵਿਨ ਡਾਊਸ ’ਤੇ ਇਹ ਕਾਰਵਾਈ ਕੈਨੇਡੀਅਨ ਇਨਵੈਸਟਮੈਂਟ ਰੈਗੂਲੇਟਰੀ ਆਰਗੇਨਾਈਜ਼ੇਸ਼ਨ (ਸੀਆਈਆਰਓ) ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਡਾਊਸ ਨੇ ਕੁਆਡਰਸ ਇਨਵੈਸਟਮੈਂਟ ਸਰਵਿਸਿਜ਼ (ਓਰੀਲੀਆ, ਓਨਟਾਰੀਓ) ਵਿੱਚ ਕੰਮ ਕਰਦਿਆਂ ਕਲਾਇੰਟਸ ਤੋਂ ਹਾਸਲ ਕੀਤੇ ਗਏ ਪੈਸੇ ਅੱਗੇ ਜਮ੍ਹਾਂ ਨਹੀਂ ਕਰਵਾਏ ਅਤੇ ਉਨ੍ਹਾਂ ਦੀ ਨਿੱਜੀ ਵਰਤੋਂ ਕੀਤੀ।
ਸੀਆਈਆਰਓ ਮੁਤਾਬਕ ਡਾਊਸ ਨੇ ਨਾ ਸਿਰਫ਼ ਕਲਾਇੰਟਸ ਦੀ ਰਕਮ ਦੀ ਦੁਰਵਰਤੋਂ ਕੀਤੀ, ਸਗੋਂ ਰੈਗੂਲੇਟਰੀ ਸੰਸਥਾ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਵੀ ਕੋਈ ਸਹਿਯੋਗ ਨਹੀਂ ਦਿੱਤਾ। ਇਸ ਮਾਮਲੇ ਵਿੱਚ ਸੀਆਈਆਰਓ ਨੇ ਡਾਊਸ ’ਤੇ 5 ਲੱਖ 30 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ ਅਤੇ 30 ਹਜ਼ਾਰ ਡਾਲਰ ਕਾਨੂੰਨੀ ਖਰਚ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ।
















