ਪੋਸਟ ਸੈਕੰਡਰੀ ਟਿਊਸ਼ਨ ‘ਤੇ ਲੱਗੀ ਰੋਕ ਖਤਮ ਕਰੇਗੀ ਓਨਟਾਰੀਓ ਸਰਕਾਰ, $6.4 ਬਿਲੀਅਨ ਦਾ ਫੰਡ ਪੈਕੇਜ ਐਲਾਨਿਆ

ਪੋਸਟ ਸੈਕੰਡਰੀ ਟਿਊਸ਼ਨ ‘ਤੇ ਲੱਗੀ ਰੋਕ ਖਤਮ ਕਰੇਗੀ ਓਨਟਾਰੀਓ ਸਰਕਾਰ, $6.4 ਬਿਲੀਅਨ ਦਾ ਫੰਡ ਪੈਕੇਜ ਐਲਾਨਿਆ

ਟੋਰਾਂਟੋ-Ontario ਸਰਕਾਰ ਨੇ ਪੋਸਟ ਸੈਕੰਡਰੀ ਸੈਕਟਰ ਲਈ ਵੱਡੇ ਵਿੱਤੀ ਪੈਕੇਜ ਦਾ ਐਲਾਨ ਕਰਦਿਆਂ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਟਿਊਸ਼ਨ ਫੀਸਾਂ ‘ਤੇ ਸੱਤ ਸਾਲਾਂ ਤੋਂ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ।

Nolan Quinn, ਜੋ ਕਾਲੇਜਿਜ਼ ਐਂਡ ਯੂਨੀਵਰਸਿਟੀਜ਼ ਮੰਤਰੀ ਹਨ, ਨੇ ਪੋਸਟ ਸੈਕੰਡਰੀ ਫੰਡਿੰਗ ਫਾਰਮੂਲੇ ਦੇ ਮੁਲਾਂਕਣ ਤੋਂ ਬਾਅਦ ਇਹ ਤਬਦੀਲੀਆਂ ਐਲਾਨੀਆਂ। ਉਨ੍ਹਾਂ ਮੁਤਾਬਕ ਅਗਲੇ ਚਾਰ ਸਾਲਾਂ ਵਿੱਚ ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ ‘ਤੇ ਲਗਭਗ 6.4 ਬਿਲੀਅਨ ਡਾਲਰ ਦਾ ਵਾਧੂ ਬੋਝ ਪਵੇਗਾ।

ਸਰਕਾਰ ਨੇ ਕਿਹਾ ਕਿ ਇਹ ਕਦਮ ਪੋਸਟ ਸੈਕੰਡਰੀ ਵਿੱਤੀ ਸੰਕਟ, ਲੰਬੇ ਸਮੇਂ ਤੋਂ ਘਟ ਰਹੀ ਸਰਕਾਰੀ ਫੰਡਿੰਗ, 2019 ਤੋਂ ਘਰੇਲੂ ਟਿਊਸ਼ਨ ਵਿੱਚ ਕੀਤੀ ਕਟੌਤੀ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਹਨ।

ਐਲਾਨ ਮੁਤਾਬਕ ਅਗਲੇ ਤਿੰਨ ਸਾਲਾਂ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹਰ ਸਾਲ ਵੱਧ ਤੋਂ ਵੱਧ ਦੋ ਫੀਸਦੀ ਟਿਊਸ਼ਨ ਵਧਾਉਣ ਦੀ ਆਗਿਆ ਹੋਵੇਗੀ। ਇਸਦੇ ਨਾਲ ਹੀ, ਉੱਚ ਮੰਗ ਵਾਲੇ ਪ੍ਰੋਗਰਾਮਾਂ ਵਿੱਚ 70,000 ਵਾਧੂ ਸੀਟਾਂ ਲਈ ਫੰਡਿੰਗ ਦਿੱਤੀ ਜਾਵੇਗੀ। ਮਹਿੰਗੇ ਪ੍ਰੋਗਰਾਮਾਂ ਲਈ ਪ੍ਰਤੀ ਵਿਦਿਆਰਥੀ ਫੰਡਿੰਗ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।

ਹਾਲਾਂਕਿ ਸਰਕਾਰ ਵੱਲੋਂ ਕਈ ਬਿਲੀਅਨ ਡਾਲਰ ਦੇ ਨਵੇਂ ਫੰਡ ਮੁਹੱਈਆ ਕਰਵਾਏ ਜਾਣਗੇ, ਪਰ ਵਿਦਿਆਰਥੀ ਸਹਾਇਤਾ ਗ੍ਰਾਂਟਾਂ ਵਿੱਚ ਕਟੌਤੀ ਕੀਤੀ ਜਾਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਪੈਕੇਜ ਪੋਸਟ ਸੈਕੰਡਰੀ ਸਿਸਟਮ ਨੂੰ ਲੰਬੇ ਸਮੇਂ ਲਈ ਵਿੱਤੀ ਤੌਰ ‘ਤੇ ਸਥਿਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।