ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਸਾਮ ਦੀ ਨਵੀਂ ਵਿਧਾਨ ਸਭਾ ਦਾ ਨੀਂਹ ਪੱਥਰ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਸਾਮ ਦੀ ਨਵੀਂ ਵਿਧਾਨ ਸਭਾ ਦਾ ਨੀਂਹ ਪੱਥਰ

ਕਾਂਗਰਸ ਨੇ ਅਸਾਮ ਨੂੰ ਬੰਦੂਕਾਂ ਤੇ ਗੋਲੀਆਂ ਦਿੱਤੀਆਂ, ਅਸੀਂ ਵਿਕਾਸ ਦਿੱਤਾ: ਅਮਿਤ ਸ਼ਾਹ

ਡਿਬਰੂਗੜ੍ਹ (ਅਸਾਮ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਅਸਾਮ ਨੂੰ ਅਸਥਿਰਤਾ ਅਤੇ ਹਿੰਸਾ ਦਿੱਤੀ, ਜਦਕਿ ਮੌਜੂਦਾ ਭਾਜਪਾ ਸਰਕਾਰ ਸੂਬੇ ਨੂੰ ਵਿਕਾਸ ਦੀ ਰਾਹ ’ਤੇ ਲੈ ਕੇ ਜਾ ਰਹੀ ਹੈ। ਉਹ ਡਿਬਰੂਗੜ੍ਹ ਵਿੱਚ ਲਗਭਗ 825 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਮਿਤ ਸ਼ਾਹ ਨੇ ਡਿਬਰੂਗੜ੍ਹ ਵਿੱਚ 250 ਏਕੜ ਵਿੱਚ ਬਣਨ ਵਾਲੇ ਅਸਾਮ ਦੇ ਦੂਜੇ ਵਿਧਾਨ ਸਭਾ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਇਸ ਮੌਕੇ ਨੂੰ ਸੂਬੇ ਲਈ ਇਤਿਹਾਸਕ ਦੱਸਿਆ।

ਸ਼ਾਹ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਅਸਾਮ ਨੂੰ ਵਧੇਰੇ ਸੰਮਿਲਿਤ ਅਤੇ ਵਿਕਸਿਤ ਬਣਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਡਿਬਰੂਗੜ੍ਹ ਨੂੰ ਸੂਬੇ ਦੀ ਦੂਜੀ ਰਾਜਧਾਨੀ ਵਜੋਂ ਮਾਨਤਾ ਮਿਲਣਾ ਇਸ ਦਿਸ਼ਾ ਵਿੱਚ ਇਕ ਵੱਡਾ ਕਦਮ ਹੈ।

ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਘੋਸ਼ਣਾਵਾਂ ਸਿਰਫ਼ ਕਾਗਜ਼ਾਂ ਤੱਕ ਸੀਮਿਤ ਰਹੀਆਂ, ਜਦਕਿ ਮੌਜੂਦਾ ਸਰਕਾਰ ਵਾਅਦਿਆਂ ਨੂੰ ਜ਼ਮੀਨ ’ਤੇ ਉਤਾਰ ਰਹੀ ਹੈ।

ਆਪਣੇ ਇੱਕ ਦਿਨਾਂ ਦੇ ਅਸਾਮ ਦੌਰੇ ਦੌਰਾਨ ਅਮਿਤ ਸ਼ਾਹ ਨੇ ਨਵੀਂ ਵਿਧਾਨ ਸਭਾ ਤੋਂ ਇਲਾਵਾ ਵਾਈਲਡਲਾਈਫ ਰਿਸਰਚ ਇੰਸਟੀਚਿਊਟ ਅਤੇ ਖਾਨੀਕਰ ਸਟੇਡੀਅਮ ਦੇ ਪਹਿਲੇ ਪੜਾਅ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਜੈਵ-ਵਿਵਿਧਤਾ ਦੀ ਸੰਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਤੋਂ ਬਾਅਦ ਗ੍ਰਹਿ ਮੰਤਰੀ ਧੇਮਾਜੀ ਵਿਖੇ ਆਯੋਜਿਤ ‘10ਵੇਂ ਮਿਸ਼ਿੰਗ ਸੱਭਿਆਚਾਰਕ ਉਤਸਵ’ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਕਬਾਇਲੀ ਵਿਰਾਸਤ ਅਤੇ ਸਭਿਆਚਾਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਸ਼ਾਮ ਨੂੰ ਗੁਹਾਟੀ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਅਮਿਤ ਸ਼ਾਹ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।