ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਉਦਯੋਗਪਤੀ ਫ੍ਰੈਂਕ ਸਟਰੋਨਾਚ ਦਾ ਟਰਾਇਲ ਸ਼ੁਰੂ

ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਉਦਯੋਗਪਤੀ ਫ੍ਰੈਂਕ ਸਟਰੋਨਾਚ ਦਾ ਟਰਾਇਲ ਸ਼ੁਰੂ

ਟੋਰਾਂਟੋ/ਜੀ.ਟੀ.ਏ.-ਕੈਨੇਡਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਮੈਗਨਾ ਇੰਟਰਨੈਸ਼ਨਲ ਦੇ ਸਥਾਪਕ ਫ੍ਰੈਂਕ ਸਟਰੋਨਾਚ ਖ਼ਿਲਾਫ਼ ਜਿਨਸੀ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਦਾ ਟਰਾਇਲ ਟੋਰਾਂਟੋ ਵਿੱਚ ਸ਼ੁਰੂ ਹੋ ਗਿਆ ਹੈ। ਸਟਰੋਨਾਚ ’ਤੇ ਕਈ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਹੈ।

ਅਦਾਲਤ ਮੁਤਾਬਕ, ਸਟਰੋਨਾਚ ’ਤੇ ਸੱਤ ਸਿ਼ਕਾਇਤਕਰਤਾਵਾਂ ਨਾਲ ਸਬੰਧਿਤ ਕੁੱਲ 12 ਦੋਸ਼ ਦਰਜ ਹਨ। ਸਾਰੀਆਂ ਸਿ਼ਕਾਇਤਕਰਤਾਵਾਂ ਦੀ ਪਹਿਚਾਣ ਪ੍ਰਕਾਸ਼ਨ ਪਾਬੰਦੀ ਤਹਿਤ ਗੁਪਤ ਰੱਖੀ ਗਈ ਹੈ। ਇਹ ਦੋਸ਼ 1970, 1980 ਅਤੇ 1990 ਦੇ ਦਹਾਕਿਆਂ ਦੌਰਾਨ ਵਾਪਰੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ।

ਇਹ ਵੀ ਜ਼ਿਕਰਯੋਗ ਹੈ ਕਿ 2024 ਵਿੱਚ ਪੀਲ ਰੀਜਨਲ ਪੁਲਿਸ ਵੱਲੋਂ ਸਟਰੋਨਾਚ ਖ਼ਿਲਾਫ਼ ਕੁੱਲ 18 ਦੋਸ਼ ਦਰਜ ਕੀਤੇ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਦੋ ਵੱਖ-ਵੱਖ ਟਰਾਇਲਾਂ ਵਿੱਚ ਵੰਡਿਆ ਗਿਆ। ਮੌਜੂਦਾ ਟਰਾਇਲ ਦੀ ਸੁਣਵਾਈ ਓਂਟਾਰਿਓ ਸੁਪੀਰੀਅਰ ਕੋਰਟ ਦੀ ਜੱਜ ਐਨ ਮੋਲੋਈ ਵੱਲੋਂ ਕੀਤੀ ਜਾ ਰਹੀ ਹੈ।

ਪਹਿਲਾਂ ਜੂਰੀ ਟਰਾਇਲ ਦੀ ਮੰਗ ਕਰਨ ਤੋਂ ਬਾਅਦ ਸਟਰੋਨਾਚ ਨੇ ਕੇਸ ਨੂੰ ਜੱਜ ਅਕੇਲੇ ਵੱਲੋਂ ਸੁਣਨ ਦਾ ਫੈਸਲਾ ਕੀਤਾ। ਕਾਨੂੰਨੀ ਮਾਹਿਰਾਂ ਅਨੁਸਾਰ, ਦਹਾਕਿਆਂ ਪੁਰਾਣੇ ਦੋਸ਼ਾਂ ਵਾਲੇ ਕੇਸ ਕਾਫ਼ੀ ਜਟਿਲ ਹੁੰਦੇ ਹਨ, ਪਰ ਕੈਨੇਡਾ ਦੇ ਕਾਨੂੰਨ ਹੇਠ ਗੰਭੀਰ ਅਪਰਾਧਾਂ ਲਈ ਸਮੇਂ ਦੀ ਕੋਈ ਕਾਨੂੰਨੀ ਸੀਮਾ ਨਹੀਂ ਹੈ।

ਫ੍ਰੈਂਕ ਸਟਰੋਨਾਚ ਆਸਟਰੀਆ ਜਨਮੇ ਹਨ। ਉਨ੍ਹਾਂ ਨੇ 1950 ਦੇ ਦਹਾਕੇ ਵਿੱਚ ਮੈਗਨਾ ਇੰਟਰਨੈਸ਼ਨਲ ਦੀ ਨੀਂਹ ਰੱਖ ਕੇ ਇਸਨੂੰ ਵਿਸ਼ਵ ਪੱਧਰੀ ਕੰਪਨੀ ਬਣਾਇਆ ਸੀ। ਉਹ 2011 ਤੋਂ ਬਾਅਦ ਕੰਪਨੀ ਨਾਲ ਸਰਗਰਮ ਤੌਰ ’ਤੇ ਨਹੀਂ ਜੁੜੇ ਰਹੇ।