ਟੀ-20 ਵਿਸ਼ਵ ਕੱਪ 2026: ਭਾਰਤ–ਪਾਕਿਸਤਾਨ ਮੈਚ ਨਾ ਹੋਣ ਨਾਲ 2200 ਕਰੋੜ ਰੁਪਏ ਤੱਕ ਦੇ ਨੁਕਸਾਨ ਦੀ ਸੰਭਾਵਨਾ

ਟੀ-20 ਵਿਸ਼ਵ ਕੱਪ 2026: ਭਾਰਤ–ਪਾਕਿਸਤਾਨ ਮੈਚ ਨਾ ਹੋਣ ਨਾਲ 2200 ਕਰੋੜ ਰੁਪਏ ਤੱਕ ਦੇ ਨੁਕਸਾਨ ਦੀ ਸੰਭਾਵਨਾ

ਨਵੀਂ ਦਿੱਲੀ: ਆਈ.ਸੀ.ਸੀ. ਦੇ ਕਿਸੇ ਵੀ ਵੱਡੇ ਟੂਰਨਾਮੈਂਟ ਵਿੱਚ ਭਾਰਤ–ਪਾਕਿਸਤਾਨ ਮੁਕਾਬਲਾ ਸਭ ਤੋਂ ਵੱਧ ਆਮਦਨ ਲਿਆਉਣ ਵਾਲਾ ਮੈਚ ਮੰਨਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਇਕੋ ਮੈਚ ਤੋਂ ਲਗਭਗ 25 ਕਰੋੜ ਡਾਲਰ (2200 ਕਰੋੜ ਰੁਪਏ ਤੋਂ ਵੱਧ) ਦਾ ਮਾਲੀਆ ਪੈਦਾ ਹੁੰਦਾ ਹੈ। ਟੀ-20 ਵਿਸ਼ਵ ਕੱਪ 2026 ਵਿੱਚ ਜੇ ਇਹ ਹਾਈ-ਪ੍ਰੋਫ਼ਾਈਲ ਮੁਕਾਬਲਾ ਨਾ ਹੋਇਆ ਤਾਂ ਆਈ.ਸੀ.ਸੀ. ਸਮੇਤ ਸਾਰੇ ਹਿੱਸੇਦਾਰਾਂ ਨੂੰ ਵੱਡਾ ਵਿੱਤੀ ਝਟਕਾ ਲੱਗ ਸਕਦਾ ਹੈ।

ਦੋਹਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਸਿਰਫ਼ ਬਹੁ-ਟੀਮ ਟੂਰਨਾਮੈਂਟਾਂ ਵਿੱਚ ਹੀ ਆਮਨੇ-ਸਾਮਨੇ ਹੁੰਦੇ ਹਨ। ਇਸੀ ਕਾਰਨ ਆਈ.ਸੀ.ਸੀ. ਅਕਸਰ ਦੋਹਾਂ ਟੀਮਾਂ ਨੂੰ ਵਿਸ਼ਵ ਕੱਪ ਵਿੱਚ ਇਕੋ ਗਰੁੱਪ ਵਿੱਚ ਰੱਖਦੀ ਆ ਰਹੀ ਹੈ। ਐਤਵਾਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਆਪਣੀ ਟੀਮ ਨੂੰ 15 ਫ਼ਰਵਰੀ ਨੂੰ ਕੋਲੰਬੋ ਵਿੱਚ ਹੋਣ ਵਾਲਾ ਮੈਚ ਬਾਈਕਾਟ ਕਰਨ ਦੀ ਸਲਾਹ ਦਿੱਤੀ ਗਈ।

ਜੇਕਰ ਪਾਕਿਸਤਾਨ ਆਪਣੇ ਫ਼ੈਸਲੇ ’ਤੇ ਅਡਿੱਗ ਰਹਿੰਦਾ ਹੈ ਤਾਂ ਉਸਨੂੰ ਲੱਖਾਂ ਡਾਲਰ ਦੇ ਮਾਲੀਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਚ ਰੱਦ ਹੋਣ ਦੀ ਸਥਿਤੀ ਵਿੱਚ ਆਈ.ਸੀ.ਸੀ. ਦੇ ਨਾਲ-ਨਾਲ ਭਾਰਤ ਦੇ ਮੀਡੀਆ ਅਧਿਕਾਰ ਧਾਰਕ ਜਿਓਸਟਾਰ ਨੂੰ ਵੀ ਭਾਰੀ ਵਿੱਤੀ ਘਾਟਾ ਹੋਣ ਦੀ ਸੰਭਾਵਨਾ ਹੈ, ਜੋ ਪਹਿਲਾਂ ਹੀ ਆਈ.ਸੀ.ਸੀ. ਨਾਲ 3 ਅਰਬ ਡਾਲਰ ਦੇ ਸੌਦੇ ’ਤੇ ਮੁੜ ਗੱਲਬਾਤ ਕਰ ਰਿਹਾ ਹੈ।

ਮੇਜ਼ਬਾਨ ਪ੍ਰਸਾਰਕ ਨੂੰ ਇਕੋ ਮੈਚ ਲਈ 200 ਤੋਂ 250 ਕਰੋੜ ਰੁਪਏ ਤੱਕ ਦੇ ਇਸ਼ਤਿਹਾਰੀ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਸ ਮੈਚ ਦੌਰਾਨ 10 ਸਕਿੰਟ ਦੇ ਇਕ ਵਿਗਿਆਪਨ ਸਲਾਟ ਦੀ ਕੀਮਤ 40 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।

ਮੈਚ ਨਾ ਹੋਣ ਦੀ ਸੂਰਤ ਵਿੱਚ ਭਾਰਤੀ ਟੀਮ ਨੂੰ ਪੂਰੇ ਅੰਕ ਮਿਲਣਗੇ, ਪਰ ਆਈ.ਸੀ.ਸੀ. ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ’ਤੇ ਵਿੱਤੀ ਜੁਰਮਾਨਾ ਲਗਾਉਣ ਦਾ ਅਧਿਕਾਰ ਆਪਣੇ ਕੋਲ ਰੱਖਦੀ ਹੈ।

ਆਈ.ਸੀ.ਸੀ. ਅਤੇ ਪੀ.ਸੀ.ਬੀ. ਦੇ ਸਾਬਕਾ ਸੰਚਾਰ ਮੁਖੀ ਸਾਮੀ-ਉਲ-ਹਸਨ ਬਰਨੀ ਨੇ ਕਿਹਾ ਕਿ ਇਕੋ ਮੈਚ ਨਾਲ ਜੁੜਿਆ ਮਾਲੀਆ ਬੇਹੱਦ ਵੱਡਾ ਹੁੰਦਾ ਹੈ। ਉਨ੍ਹਾਂ ਮੁਤਾਬਕ 25 ਕਰੋੜ ਡਾਲਰ ਦੀ ਰਕਮ ਪਾਕਿਸਤਾਨ ਦੇ ਸਾਲਾਨਾ ਮਾਲੀਏ (ਲਗਭਗ 3.55 ਕਰੋੜ ਡਾਲਰ) ਨਾਲ ਤੁਲਨਾ ਕਰਨ ’ਤੇ ਭਾਰੀ ਅੰਤਰ ਦਰਸਾਉਂਦੀ ਹੈ।

ਇਸ ਸਾਰੇ ਡਰਾਮੇ ਦੇ ਵਿਚਕਾਰ ਪਾਕਿਸਤਾਨੀ ਟੀਮ 7 ਫ਼ਰਵਰੀ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਆਪਣੇ ਹੋਰ ਮੈਚ ਖੇਡਣ ਲਈ ਕੋਲੰਬੋ ਪਹੁੰਚ ਚੁੱਕੀ ਹੈ। ਉਲੇਖਯੋਗ ਹੈ ਕਿ ਇਹ ਵਿਵਾਦ ਬੀ.ਸੀ.ਸੀ.ਆਈ. ਵੱਲੋਂ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈ.ਪੀ.ਐਲ. ਤੋਂ ਹਟਾਉਣ ਦੇ ਫ਼ੈਸਲੇ ਤੋਂ ਬਾਅਦ ਹੋਰ ਭੜਕਿਆ, ਜਿਸ ਕਾਰਨ ਬੰਗਲਾਦੇਸ਼ ਨੇ ਭਾਰਤ–ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਾਲੇ ਆਈ.ਸੀ.ਸੀ. ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕੀਤਾ।