ਕੋਹਲੀ ਦੀ ਕਲਾਸ ਅਤੇ ਆਰਸੀਬੀ ਦਾ ਦਬਦਬਾ, ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਬਣੇ ਚੈਂਪੀਅਨ
ਅਹਿਮਦਾਬਾਦ-ਵਿਰਾਟ ਕੋਹਲੀ ਦੀ ਸ਼ਾਨਦਾਰ ਅਣਨੱਥੀ ਪਾਰੀ ਅਤੇ ਗੇਂਦਬਾਜ਼ਾਂ ਦੇ ਕਮਾਲ ਦੇ ਪ੍ਰਦਰਸ਼ਨ ਦੀ ਬਦੌਲਤ ਰੌਇਲ ਚੈਲੈਂਜਰਜ਼ ਬੈਂਗਲੁਰੂ (ਆਰਸੀਬੀ) ਨੇ ਆਈਪੀਐਲ 2026 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾਕੇ ਲਗਾਤਾਰ ਦੂਜੀ ਵਾਰ ਖਿਤਾਬ ਆਪਣੇ ਨਾਮ ਕਰ ਲਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਆਰਸੀਬੀ ਨੇ ਹਰ ਖੇਤਰ ਵਿੱਚ ਆਪਣੀ ਬੇਹਤਰੀ ਸਾਬਤ ਕੀਤੀ।
156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਨੇ ਧਮਾਕੇਦਾਰ ਸ਼ੁਰੂਆਤ ਕੀਤੀ, ਹਾਲਾਂਕਿ ਮੱਧ ਓਵਰਾਂ ਵਿੱਚ ਕੁਝ ਤੁਰੰਤ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਵਿੱਚ ਨਜ਼ਰ ਆਈ। ਇਸ ਮੌਕੇ ਤੇ ਵਿਰਾਟ ਕੋਹਲੀ ਨੇ ਆਪਣਾ ਤਜ਼ਰਬਾ ਅਤੇ ਸੰਭਲਿਆ ਹੋਇਆ ਖੇਡ ਦਿਖਾਉਂਦਿਆਂ ਟੀਮ ਨੂੰ ਜਿੱਤ ਵੱਲ ਲੈ ਗਿਆ। ਕੋਹਲੀ ਨੇ ਨਾਬਾਦ 75 ਦੌੜਾਂ ਦੀ ਪਾਰੀ ਖੇਡੀ ਅਤੇ ਜੇਤੂ ਛੱਕਾ ਵੀ ਉਨ੍ਹਾਂ ਦੇ ਬੱਲੇ ਤੋਂ ਹੀ ਨਿਕਲਿਆ।
ਆਰਸੀਬੀ ਨੇ ਇਹ ਮੁਕਾਬਲਾ 18 ਓਵਰਾਂ ਵਿੱਚ ਹੀ ਜਿੱਤ ਲਿਆ। ਟੀਮ ਦੀ ਇਸ ਜਿੱਤ ਨਾਲ ਕਪਤਾਨ ਰਜਤ ਪਾਟੀਦਾਰ ਵੀ ਆਈਪੀਐਲ ਇਤਿਹਾਸ ਵਿੱਚ ਲਗਾਤਾਰ ਦੋ ਖਿਤਾਬ ਜਿੱਤਣ ਵਾਲੇ ਚੁਣਿੰਦਾ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਇਸ ਤੋਂ ਪਹਿਲਾਂ ਆਰਸੀਬੀ ਦੇ ਗੇਂਦਬਾਜ਼ਾਂ ਨੇ ਗੁਜਰਾਤ ਟਾਈਟਨਜ਼ ਨੂੰ 155 ਦੌੜਾਂ ‘ਤੇ ਰੋਕ ਦਿੱਤਾ। ਜੌਸ਼ ਹੇਜ਼ਲਵੁੱਡ, ਭੁਵਨੇਸ਼ਵਰ ਕੁਮਾਰ ਅਤੇ ਰਸਿਖ ਸਲਾਮ ਨੇ ਕਸੇ ਹੋਏ ਹਮਲੇ ਨਾਲ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਵੱਡੀ ਪਾਰੀ ਨਹੀਂ ਖੇਡ ਸਕੇ, ਜਦਕਿ ਜੋਸ ਬਟਲਰ ਵੀ ਪ੍ਰਭਾਵ ਛੱਡਣ ਵਿੱਚ ਨਾਕਾਮ ਰਹੇ।
ਗੁਜਰਾਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਨਾਬਾਦ 50 ਦੌੜਾਂ ਦੀ ਲੜਾਕੂ ਪਾਰੀ ਖੇਡੀ, ਪਰ ਟੀਮ ਦਾ ਸਕੋਰ ਚੁਣੌਤੀਪੂਰਨ ਨਹੀਂ ਬਣ ਸਕਿਆ। ਰਸਿਖ ਸਲਾਮ ਨੇ ਤਿੰਨ ਵਿਕਟਾਂ ਹਾਸਲ ਕਰਦਿਆਂ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਦਾ ਦਰਜਾ ਹਾਸਲ ਕੀਤਾ।
ਆਰਸੀਬੀ ਲਈ ਇਹ ਸੀਜ਼ਨ ਹਰ ਮੋਰਚੇ ‘ਤੇ ਯਾਦਗਾਰ ਰਿਹਾ। ਟੀਮ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਸ਼ਾਨਦਾਰ ਸੰਤੁਲਨ ਦਿਖਾਇਆ। ਵਿਰਾਟ ਕੋਹਲੀ ਭਾਵੇਂ ਹੁਣ ਕਪਤਾਨ ਨਹੀਂ ਹਨ, ਪਰ ਟੀਮ ਵਿੱਚ ਉਨ੍ਹਾਂ ਦੀ ਜ਼ਜ਼ਬੇ ਅਤੇ ਜਿੱਤ ਵਾਲੀ ਸੋਚ ਸਾਫ਼ ਤੌਰ ‘ਤੇ ਨਜ਼ਰ ਆਈ।
















