ਇੰਡੀਆ ‘ਏ’ ਦੀ ਤ੍ਰਿਕੋਣੀ ਸੀਰੀਜ਼ ਅੱਜ ਤੋਂ, ਨਜ਼ਰਾਂ ਵੈਭਵ ਸੂਰਿਆਵੰਸ਼ੀ ਅਤੇ ਤਿਲਕ ਵਰਮਾ ’ਤੇ

ਇੰਡੀਆ ‘ਏ’ ਦੀ ਤ੍ਰਿਕੋਣੀ ਸੀਰੀਜ਼ ਅੱਜ ਤੋਂ, ਨਜ਼ਰਾਂ ਵੈਭਵ ਸੂਰਿਆਵੰਸ਼ੀ ਅਤੇ ਤਿਲਕ ਵਰਮਾ ’ਤੇ

ਦੰਬੂਲਾ- ਇੰਡੀਆ ‘ਏ’, ਸ੍ਰੀਲੰਕਾ ‘ਏ’ ਅਤੇ ਅਫਗਾਨਿਸਤਾਨ ‘ਏ’ ਵਿਚਾਲੇ ਤ੍ਰਿਕੋਣੀ ਵਨਡੇ ਸੀਰੀਜ਼ ਦਾ ਆਗਾਜ਼ ਅੱਜ ਦੰਬੂਲਾ ਵਿੱਚ ਹੋ ਰਿਹਾ ਹੈ। ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਤਿਲਕ ਵਰਮਾ ਦੀ ਅਗਵਾਈ ਵਾਲੀ ਇੰਡੀਆ ‘ਏ’ ਟੀਮ ਦਾ ਸਾਹਮਣਾ ਮੇਜ਼ਬਾਨ ਸ੍ਰੀਲੰਕਾ ‘ਏ’ ਨਾਲ ਹੋਵੇਗਾ।

ਇਸ ਸੀਰੀਜ਼ ਵਿੱਚ ਸਭ ਤੋਂ ਵੱਧ ਚਰਚਾ 15 ਸਾਲਾ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਹੋ ਰਹੀ ਹੈ, ਜਿਸਨੇ IPL 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸੂਰਿਆਵੰਸ਼ੀ ਨੇ ਇਸ ਤੋਂ ਪਹਿਲਾਂ ਅੰਡਰ-19 ਵਰਲਡ ਕੱਪ ਵਿੱਚ ਵੀ ਭਾਰਤ ਨੂੰ ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਇੰਡੀਆ ‘ਏ’ ਦੀ ਟੀਮ ਵਿੱਚ IPL ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਟੀਮ ਦੀ ਕਮਾਨ ਤਿਲਕ ਵਰਮਾ ਕੋਲ ਹੈ, ਜਦਕਿ ਰੁਤੁਰਾਜ ਗਾਇਕਵਾੜ ’ਤੇ ਵੀ ਸਭ ਦੀਆਂ ਨਜ਼ਰਾਂ ਹੋਣਗੀਆਂ। ਗਾਇਕਵਾੜ ਨੂੰ ਜ਼ਖ਼ਮੀ ਵਿਰਾਟ ਕੋਹਲੀ ਦੀ ਥਾਂ ਅਫਗਾਨਿਸਤਾਨ ਖ਼ਿਲਾਫ਼ ਸੀਨੀਅਰ ਟੀਮ ਦੀ ਵਨਡੇ ਸੀਰੀਜ਼ ਲਈ ਵੀ ਚੁਣਿਆ ਗਿਆ ਹੈ।

ਟੀਮ ਵਿੱਚ ਪ੍ਰਭਸਿਮਰਨ ਸਿੰਘ, ਪ੍ਰਿਆਂਸ਼ ਆਰਿਆ ਅਤੇ ਆਯੁਸ਼ ਬਦੋਨੀ ਵਰਗੇ ਨੌਜਵਾਨ ਬੱਲੇਬਾਜ਼ ਸ਼ਾਮਲ ਹਨ, ਜਦਕਿ ਨਿਸ਼ਾਂਤ ਸਿੰਧੂ ਆਲਰਾਊਂਡਰ ਵਜੋਂ ਟੀਮ ਨੂੰ ਸੰਤੁਲਨ ਪ੍ਰਦਾਨ ਕਰਨਗੇ।ਗੇਂਦਬਾਜ਼ੀ ਵਿੱਚ ਯਸ਼ ਠਾਕੁਰ, ਯੁਧਵੀਰ ਸਿੰਘ ਚਰਕ, ਅੰਸ਼ੁਲ ਕੰਬੋਜ ਅਤੇ ਅਰਸ਼ਦ ਖਾਨ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਨਿਭਾਉਣਗੇ। ਸਪਿਨ ਹਮਲੇ ਵਿੱਚ ਵਿਪਰਾਜ ਨਿਗਮ ਅਤੇ ਹਰਸ਼ ਦੁਬੇ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ।