ਕੈਲਗਰੀ ਦੇ ਪ੍ਰਸਿੱਧ ਗਜ਼ਲਗੋ ਕੇਸਰ ਸਿੰਘ ‘ਨੀਰ’ ਜੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ
“ਅਜੇ ਸੰਸਾਰ ਇਹ ਜੋਕਾਂ ਦਾ ਹੈ ਲੋਕਾਂ ਦਾ ਨਹੀਂ ਬਣਿਆ
ਅਸੀਂ ਤਾਂ ਲੋਚਦੇ ਹਾਂ ਬਣ ਜਾਏ ਸੰਸਾਰ ਲੋਕਾਂ ਦਾ
ਕੈਲਗਰੀ (ਗੁਰਚਰਨ ਥਿੰਦ): ਕੈਲਗਰੀ ਲੇਖਕ ਸਭਾ ਦੀ ਅਪ੍ਰੈਲ ਮਹੀਨੇ ਦੀ ਇੱਕਤਰਤਾ 5 ਅਪ੍ਰੈਲ 2025 ਨੂੰ ਕੋਸੋ ਹਾਲ ਵਿੱਚ ਹੋਈ। ਸਵੇਰੇ ਹੀ ਪੰਜਾਬੀ ਦੇ ਨਿਪੁੰਨ ਗ਼ਜ਼ਲਗੋ ਸ੍ਰ: ਕੇਸਰ ਸਿੰਘ ਨੀਰ ਦੀ ਮੌਤ ਦੀ ਦੁਖਦਾਈ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਪੰਜ ਛੇ ਦਿਨ ਫੁੱਟ ਹਿਲਜ਼ ਹਸਪਤਾਲ ਵਿੱਚ ਡਾਕਟਰੀ ਇਲਾਜ ਹੇਠ ਰਹਿਣ ਤੋਂ ਬਾਦ ਸਵੇਰੇ ਦੋ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਪੂਰਾ ਪਰਿਵਾਰ ਤੇ ਸਾਹਿਤ ਜਗਤ ਸ਼ੋਕ ਵਿੱਚ ਡੁੱਬ ਗਿਆ। ਦੋ ਵਜੇ ਸ਼ੁਰੂ ਹੋਈ ਸਭਾ ਦੀ ਇੱਕਤਰਤਾ ਵਿੱਚ ਸਕੱਤਰ ਗੁਰਚਰਨ ਥਿੰਦ ਨੇ ਕੇਸਰ ਸਿੰਘ ਨੀਰ ਜੀ ਦੀਆਂ ਲਿਖਤਾਂ ਤੇ ਸੰਘਰਸ਼ਮਈ ਜੀਵਨ ਬਾਰੇ ਗੱਲ ਕਰਦਿਆਂ ਕਿਹਾ ਕਿ 91 ਸਾਲ ਦੀ ਉਮਰ ਭੋਗ ‘ਲੰਮੇਰੇ ਪੰਧਾਂ ਦਾ ਪਾਂਧੀ’ ਨਾਮਵਰ ਲੇਖਕ ਕੇਸਰ ਸਿੰਘ ਨੀਰ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਕਵੀ ਕੇਸਰ ਸਿੰਘ ‘ਪ੍ਰੀਤ’ ਨੇ ਅੱਠਵੀਂ ਵਿੱਚ ਪੜ੍ਹਦਿਆਂ ਧਾਰਮਿਕ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦਾ ਪੈਂਫਲਿਟ ‘ਪ੍ਰੀਤ ਪੁਕਾਰਾਂ’ 1950 ਵਿੱਚ ਉਨ੍ਹਾਂ ਦੇ ਹੈਡਮਾਸਟਰਸਾਹਿਬ ਵਲੋਂ ਛਪਵਾਇਆ ਗਿਆ। ਪ੍ਰੰਤੂ ਇੱਕ ਕਵੀ ਤੇ ਗ਼ਜ਼ਲਗੋ ਦੀ 1960 ਵਿੱਚ ਕਸਕਾਂ ਕਾਵਿ-ਸੰਗ੍ਰਿਹ ਨਾਲ ਕੇਸਰ ਸਿੰਘ ‘ਨੀਰ’ ਵਜੋਂ ਪਛਾਣ ਬਣੀ। ਉਨ੍ਹਾਂ ਦੇ 2006 ਤੱਕ ਤਿੰਨ ਗ਼ਜ਼ਲ ਸੰਗ੍ਰਿਹ, ਚਾਰ ਕਾਵਿ- ਸੰਗ੍ਰਿਹ ਅਤੇ ਪੰਜ ਬਾਲ-ਪਸੁਤਕਾਂ ਪਾਠਕਾਂ ਤੱਕ ਪੁੱਜਦੇ ਹੋ ਗਏ ਸਨ। ਕੇਸਰ ਸਿੰਘ ਨੀਰ ਅਧਿਆਪਕ ਜਥੇਬੰਦੀਆਂ ਵਿੱਚ ਸ਼ਾਮਲ ਹੋ ਅਧਿਆਪਕਾਂ ਦੇ ਹੱਕਾਂ ਲਈ ਖੜੇ ਹੋਏ ਅਤੇ ਜੇਲ੍ਹਾਂ ਕੱਟੀਆਂ। ਉਨ੍ਹਾਂ ਦੀ ਲੇਖਣੀ ਤੇ ਜੀਵਨ ਲੋਕਾਂ ਦੇ ਹੱਕਾਂ ਦੀ ਰਾਖੀ ਤੇ ਜਦੋਜਹਿਦ ਦੀ ਬਾਤ ਪਾਉਂਦੇ ਹਨ। ਸਭਾ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਇੱਕ ਮਿੰਟ ਦਾ ਮੌਨ ਧਾਰਨ ਕਰ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿਲੋਂ ਅਤੇ ਡਾ: ਸੁਖਵਿੰਦਰ ਸਿੰਘ ਥਿੰਦ ਹੁਰਾਂ ਨੀਰ ਸਾਹਿਬ ਨਾਲ ਆਪਣੀ ਨੇੜਤਾ ਦੀ ਸਾਂਝ ਪਾਈ। ਜੋਗਾ ਸਿੰਘ ਸਿਹੋਤਾ ਨੇ ਨੀਰ ਸਾਹਿਬ ਦੀ ਕੋਵਿਡ ਵੇਲੇ ਦੀ ਲਿਖੀ ਗ਼ਜ਼ਲ ‘ਬੁੱਝਿਆ ਬੁੱਝਿਆ ਚਾਰ ਚੁਫ਼ੳਮਪ;ੇਰਾ ਦਿੱਸਦੇ ਅੱਜ ਉਦਾਸੇ ਲੋਕ, ਚਿਹਰੇ ਤੇ ਫ਼ਿੳਮਪ;ਕਰਾਂ ਦੀ ਰੇਖਾ ਦਿੱਸਦੇ ਅੱਜ ਉਦਾਸੇ ਲੋਕ’ ਸਾਜ਼ ਤੇ ਸੁਰ ਨਾਲ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਸਭਾ ਦੇ ਏਜੰਡੇ ਅਨੁਸਾਰ ਅਪ੍ਰੈਲ ਮਹੀਨੇ ਨੂੰ ਸਮਰਪਤ ਵਿਸਾਖੀ ਦੇ ਦਿਹਾੜੇ 13 ਅਪ੍ਰੈਲ 1699 ਈ: ਨੂੰ ਖਾਲਸਾ ਪੰਥ ਦੀ ਸਥਾਪਨਾ ਅਤੇ 14 ਅਪ੍ਰੈਲ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ: ਬੀ. ਆਰ. ਅੰਬੇਦਕਰ ਦੇ ਜਨਮ ਦਿਹਾੜੇ ਤੇ ਵਿਚਾਰ-ਵਟਾਂਦਰਾ ਤੇ ਗੱਲਬਾਤ ਸ਼ੁਰੂ ਹੋਈ। ਸਕੱਤਰ ਵਲੋਂ ਡਾ: ਅੰਬੇਦਕਰ ਦੀ ਜੀਵਨੀ ਅਤੇ ਖਾਲਸਾ ਪੰਥ ਦੀ ਸਥਾਪਨਾ ਤੇ ਖਾਲਸੇ ਦੇ ਨਿਆਰੇਪਨ ਦੀ ਸੰਖੇਪ ਜਾਣਕਾਰੀ ਸਾਂਝੀ ਕਰਨ ਉਪਰੰਤ ਬਲਵਿੰਦਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1789 ਵਿੱਚ ਹੋਏ ਫਰਾਂਸ ਦੇ ਇੰਡਸਟਰੀਅਲ ਇਨਕਲਾਬ ਨੂੰ ਤਾਂ ਪੂਰੀ ਦੁਨੀਆਂ ਜਾਣਦੀ ਹੈ ਪਰ ਉਸ ਤੋਂ 90 ਸਾਲ ਪਹਿਲਾਂ ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਸਾਰੇ ਵਰਣਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਮਾੜੀ ਧਿਰ ਨਾਲ ਖੜ੍ਹਨ ਲਈ ਪ੍ਰੇਰਿਤ ਕੀਤਾ ਗਿਆ, ਉਸ ਸਭਿਆਚਾਰਕ ਇਨਕਲਾਬ ਨੂੰ ਅਸੀਂ ਅੱਜ ਤੱਕ ਵੀ ਉਸ ਤਰ੍ਹਾਂ ਪ੍ਰਚਾਰ ਨਹੀਂ ਸਕੇ। ਬਾਬੇ ਨਾਨਕ ਦੀ 29000 ਕਿਲੋਮੀਟਰ ਲੰਮੀ ਯਾਤਰਾ ਕਿਸੇ ਗਿਨੀਜ਼ ਬੁੱਕ ਦਾ ਹਿੱਸਾ ਨਹੀਂ ਬਣੀ। ਜਿਹੜੇ ਮਨੁੱਖੀ ਹੱਕਾਂ ਦੀ ਗੱਲ ਅੱਜ ਦੀਆਂ ਸੰਸਥਾਵਾਂ ਕਰਦੀਆਂ ਹਨ ਨੌਵੇਂ ਗੁਰੂ ਤੇਗ ਬਹਾਦਰ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਮਨੁੱਖੀ ਹੱਕਾਂ ਦੀ ਰਾਖੀ ਲਈ ਸੀਸ ਕਟਵਾ ਦਿੱਤਾ ਸੀ। ਗੁਰਦੀਸ਼ ਗਰੇਵਾਲ ਨੇ ਗੁਰੂ ਸਾਹਿਬ ਦੇ ਰੱਬੀ ਨੂਰ ਸਾਹਮਣੇ ਕਿਸੇ ਦੇ ਵੀ ਸਿਰ ਨਾ ਚੁੱਕੇ ਜਾਣ ਬਾਰੇ ਗੱਲ ਕਰਦਿਆਂ ਪੰਜ ਪਿਆਰਿਆਂ ਦੇ ਨਾਵਾਂ ਨੂੰ ਕ੍ਰਮਵਾਰ ਦਇਆ ਦੇ ਨਾਲ ਧਰਮ ਦਾ ਪਾਲਣ ਕਰ ਤੇ ਮੋਹ ਕਮ ਕਰਕੇ ਹਿੰਮਤ ਆਉਣਾ ਅਤੇ ਸਾਹਿਬ ਦੇ ਰੁਤਬੇ ਤੱਕ ਪਹੁੰਚ ਜਾਣਾ ਦਰਸਾਇਆ। ਉਨ੍ਹਾਂ ਆਪਣੀ ਰਚਨਾ ‘ਖਾਲਸੇ ਦਾ ਰੁਤਬਾ ਬੜਾ ਮਹਾਨ ਹੈ, ਖਾਲਸੇ ਦੀ ਜੱਗ ’ਚ ਨਿਰਾਲੀ ਸ਼ਾਨ ਹੈ’ ਸੁਣਾਈ। ਜੋਗਾ ਸਿੰਘ ਸਿਹੋਤਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੱਬੀ ਨੂਰ ਨੂੰ ਸੰਬੋਧਤ ‘ਉਹ ਹੈ ਮੇਰਾ ਮਾਹੀ ਜਿਹੜਾ ਮਾਹੀ ਹੈ ਜਹਾਨ ਦਾ, ਅੱਜ ਤੱਕ ਦੇਖਿਆ ਨਹੀਂ ਦੂਜਾ ਉਹਦੀ ਸ਼ਾਨ ਦਾ’ ਗੀਤ ਅਤੇ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਦਾ ਲਿਖਿਆ ਗੀਤ, ‘ਤੇਰੇ ਬਲਿਹਾਰ ਸੁਣ ਕਲਗੀ ਵਾਲਿਆ’ ਆਪਣੇ ਸੁਰੀਲੇ ਸੁਰ ਤੇ ਸਾਜ਼ ਨਾਲ ਪੇਸ਼ ਕੀਤੇ। ਸੁਖਮੰਦਰ ਸਿੰਘ ਗਿੱਲ ਜੀ ਨੇ ਵੀ ‘ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨਹੀਂ ਹੁੰਦੇ, ਪੋਟੇ ਪੋਟੇ ਕੱਟ ਜਾਣ ਪਿੱਛੇ ਹਟਦੇ ਨਹੀਂ ਹੁੰਦੇ’ ਖਾਲਸੇ ਦੀਆਂ ਕੁਰਬਾਨੀਆਂ ਨੂੰ ਸੁਰਮਈ ਗੀਤ ਨਾਲ ਯਾਦ ਕੀਤਾ। ਸੁਖਵਿੰਦਰ ਸਿੰਘ ਤੂਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗੀਤ ‘ਕੋਠੀਆਂ ਵਾਲਿਓ ਕਾਰਾਂ ਵਾਲਿਓ ਭਰੇ ਹੋਏ ਪ੍ਰਵਾਰਾਂ ਵਾਲਿਓ, ਦੁਨੀਆਂ ਦਾਰੀ ਚੇਤੇ ਰਖਿਓ, ਉਹ ਪੁਤਰਾਂ ਦੇ ਦਾਨੀ ਦੇ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ’ ਮਿੱਠੇ ਸੁਰ ਵਿੱਚ ਗਾਇਆ। ਸਰਬਜੀਤ ਉੱਪਲ ਨੇ ਬਜ਼ੁਰਗਾਂ ਦੀ ਪਰਿਵਾਰ ਵਿੱਚ ਸੇਵਾ ਸਬੰਧੀ, ਮਨਮੋਹਨ ਸਿੰਘ ਬਾਠ ਨੇ ਸੁਰਜੀਤ ਪਾਤਰ ਦੀ ਪੰਜਾਬ ਦੀ ਵੰਡ ਨਾਲ ਸਬੰਧਤ ਰਚਨਾ ਤੇ ਪਰਮਜੀਤ ਭੰਗੂ ਨੇ ਗ਼ਜ਼ਲ ਪੇਸ਼ ਕੀਤੀ। ਸੁਰਿੰਦਰ ਢਿਲੋਂ ਜੀ ਨੇ ਡਾ: ਅੰਬੇਦਕਰ ਦੇ ਜੀਵਨ ਦੀ ਸਾਂਝ ਪਾਉਂਦੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਪਰ ਸਿੱਖਾਂ ਵਾਲੇ ਕੰਮ ਨਹੀਂ ਕਰਦੇ ਹਾਂ। ਨੀਵੀਂ ਜਾਤ ਵਾਲੇ ਨੂੰ ਉਸ ਦੀ ਬਣਦੀ ਥਾਂ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇੰਜ: ਜੀਰ ਸਿੰਘ ਬਰਾੜ ਨੇ ਕਿਹਾ ਕਿ ਡਾ: ਅੰਬੇਦਕਰ ਦਾ ਸੰਵਿਧਾਨ ਇੱਕ ਦਰਖਤ ਹੈ ਜਿਹਨੂੰ ਵੱਢਣ ਲਈ ਕੁਹਾੜੇ ਚੁੱਕੀ ਫਿਰਦੇ ਹਨ। ਸੁਖਵਿੰਦਰ ਸਿੰਘ ਥਿੰਦ ਨੇ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਹਿੱਸੇ ਵਿੱਚ ਪਹਾੜਾਂ ਤੋਂ ਆਏ ਪਾਣੀ ਵਿੱਚ ਸੀਲੀਨੀਅਮ ਤੱਤ ਘੁੱਲੇ ਹੋਣ ਕਰਕੇ ਕਣਕ ਵਿੱਚ ਸਲੀਨੀਅਮ ਦੀ ਮਾਤਰਾ ਦੇ ਵੱਧ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਕਣਕ ਖਾਣ ਨਾਲ ਸਿਰ ਦੇ ਵਾਲ ਝੱੜ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ 22 ਮਾਰਚ ਨੂੰ ਮਨਾਏ ਜਾਣ ਵਾਲੇ ਵਾਟਰ ਡੇ ਬਾਰੇ ਵੀ ਜਾਣਕਾਰੀ ਦਿੱਤੀ। ਕਲਮਕਾਰੀ ਦੇ ਮਾਹਿਰ ਮਨਿੰਦਰ ਚਾਨੇ ਨੇ ਕਿਹਾ ਕਿ ਅਸੀਂ ਇਸ਼ੂਜ਼ ਦੀ ਗੱਲ ਤਾਂ ਕਰਦੇ ਹਾਂ ਪਰ ਉਸ ਦਾ ਹੱਲ ਨਹੀਂ ਦੱਸਦੇ। ਉਨ੍ਹਾਂ ਬੱਚਿਆਂ ਨੂੰ ਚਿੱਤਰਾਂ ਦੇ ਜ਼ਰੀਏ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ਦੀ ਗੱਲ ਕੀਤੀ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਹੋਤਾ ਨੇ ਡਾ: ਅੰਬੇਦਕਰ ਦੇ ਸਿੱਖ ਧਰਮ ਵਿੱਚ ਸ਼ਾਮਲ ਨਾ ਹੋਣ ਦੇ ਤਰਕ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਉਪਦੇਸ਼ਾਂ ਨੂੰ ਸਵੀਕਾਰਨਾ ਚਾਹੀਦਾ ਸੀ ਨਾ ਕਿ ਜੋ ਕੁੱਝ ਬਾਹਰ ਵਾਪਰ ਰਿਹਾ ਸੀ। ਉਨ੍ਹਾਂ ਦੁਵੱਈਆ ਛੰਦ ਵਿੱਚ ਲਿਖੀ ਆਪਣੀ ਰਚਨਾ ਸਾਂਝੀ ਕੀਤੀ ਅਤੇ ਸਭ ਦਾ ਉਨ੍ਹਾਂ ਦੀ ਵੱਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ। ਅੰਤ ਵਿੱਚ ਗੁਰਚਰਨ ਥਿੰਦ ਨੇ ਮੀਟਿੰਗ ਦੀ ਸੰਕੋਚਵੀਂ ਹਾਜ਼ਰੀ ਪ੍ਰੰਤੂ ਸਬੰਧਤ ਵਿਸ਼ਿਆਂ ਤੇ ਬਹੁਤ ਹੀ ਉਚਪਾਏ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਮੀਟਿੰਗ ਦੀ ਸਮਾਪਤੀ ਕੀਤੀ।
















