ਕੈਨੇਡਾ ਵਿੱਚ ਕੀਤੇ ਗਏ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰੁਝਾਨ ਘਟਿਆ
ਓਟਾਵਾ-ਕੈਨੇਡਾ ਵਿੱਚ ਕੀਤੀਆਂ ਗਈਆਂ ਇਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰੁਝਾਨ ਘੱਟਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਸਟੱਡੀ ਵੀਜ਼ੇ ਲਈ ਸ਼ਰਤਾਂ ਅਨੁਸਾਰ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਬਿਨੈਕਾਰ ਕੋਲ ਕਾਲਜ ਤੋਂ ਲੈਟਰ ਆਫ਼ ਅਸੈਪਟੈਂਸ ਅਤੇ ਪ੍ਰੋਵਿੰਸ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੋਂ ਇਲਾਵਾ ਲੋੜੀਂਦੇ ਫ਼ੰਡ ਹੋਣੇ ਚਾਹੀਦੇ ਹਨ ਅਤੇ ਵਿਦਿਆਰਥੀ ਨੂੰ 1 ਸਾਲ ਦੀ ਟਿਊਸ਼ਨ ਫ਼ੀਸ ਭਰਨ ਤੋਂ ਇਲਾਵਾ ਜੀਆਈਸੀ ਭਰਨੀ ਪਵੇਗੀ। ਇਸ ਤੋਂ ਇਲਾਵਾ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫ਼ੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਵਿਦਿਆਰਥੀ ਬਿਨ੍ਹਾਂ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕਾਲਜ ਨਹੀਂ ਬਦਲ ਸਕਣਗੇ। ਜ਼ਿਕਰਯੋਗ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਵਿੱਚ ਹੀ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ 2025 ਦੀ ਪਹਿਲੀ ਛਿਮਾਹੀ ਦੌਰਾਨ 2024 ਦੇ ਮੁਕਾਬਲੇ 88,617 ਘੱਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਹਨ। ਮੰਤਰਾਲੇ ਵੱਲੋਂ ਸਾਂਝੇ ਅੰਕੜਿਆਂ ਮੁਤਾਬਿਕ ਜਨਵਰੀ 2025 ਤੋਂ ਜੂਨ 2025 ਤੱਕ 36,417 ਸਟੱਡੀ ਵੀਜ਼ੇ ਜਾਰੀ ਕੀਤੇ ਗਏ। 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 1,25,034 ਸੀ। ਸਾਲ 2024 ਦੌਰਾਨ ਕੁੱਲ 2,93,289 ਸਟੱਡੀ ਵੀਜ਼ੇ ਦਿੱਤੇ ਗਏ ਸਨ । ਹੁਣ ਕੈਨੇਡਾ ਦਾ 437,000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟੀਚਾ ਹੈ। ਸਤੰਬਰ 2024 ਦੌਰਾਨ ਉਸ ਸਮੇਂ ਦੇ ਇੰਮੀਗ੍ਰੇਸ਼ਨ ਮਨਿਸਟਰ, ਮਾਰਕ ਮਿਲਰ ਨੇ 2025 ਦੌਰਾਨ 4,37,000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਿਕ 4 ਲੱਖ 37 ਹਜ਼ਾਰ ਦੇ ਟੀਚੇ ਵਿੱਚੋਂ ਜੂਨ ਤੱਕ ਸਿਰਫ਼ 36,417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਹਨ, ਜਿਸਦਾ ਭਾਵ ਹੈ ਕਿ ਪਹਿਲੀ ਛਿਮਾਹੀ ਦੌਰਾਨ ਕੁੱਲ ਟੀਚੇ ਦਾ ਸਿਰਫ਼ 9 ਪ੍ਰਤੀਸ਼ਤ ਹੀ ਪੂਰਾ ਹੋਇਆ ਹੈ। ਮੌਜੂਦਾ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਪੜ੍ਹਨ ਆਏ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੋਸਟ ਗਰੈਜੂਏਟ ਵਰਕ ਪਰਮਿਟ ਮਿਲਦਾ ਹੈ। ਇਸਦੀ ਮਿਆਦ ਪੜ੍ਹਾਈ ਦੇ ਹਿਸਾਬ ਨਾਲ ਹੁੰਦੀ ਹੈ। 8 ਮਹੀਨੇ ਤੋਂ ਵਧੇਰੇ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ।
















