ਕੇਜਰੀਵਾਲ ਦਾ ਦਾਅਵਾ—ਭਾਰਤ ਵਿੱਚ ਮੇਰਾ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਸੀਮਤ
ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਸੀਮਤ (Restricted) ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਦੇਸ਼ ਦੇ ਯੂਜ਼ਰਾਂ ਲਈ ਉਪਲਬਧ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀ ਮੈਟਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੰਪਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ "ਇੰਨਾ ਨਹੀਂ ਝੁਕਣਾ ਚਾਹੀਦਾ।"
ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਪੋਸਟ ਕਰਦਿਆਂ ਕਿਹਾ ਕਿ ਮੈਟਾ ਦੇ ਭਾਰਤ ਦਫ਼ਤਰ ਵਿੱਚ ਮੌਖਿਕ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਖਾਤਾ ਭਾਰਤ ਵਿੱਚ ਸੀਮਤ ਕਰ ਦਿੱਤਾ ਗਿਆ ਹੈ ਅਤੇ ਦੇਸ਼ ਵਿੱਚ ਦਿਖਾਈ ਨਹੀਂ ਦੇ ਰਿਹਾ।ਉਨ੍ਹਾਂ ਲਿਖਿਆ, "ਮੇਰਾ ਖਾਤਾ ਕਿਉਂ ਸੀਮਤ ਕੀਤਾ ਗਿਆ? ਤੁਹਾਡੇ ਦਫ਼ਤਰ ਵਿੱਚ ਕੋਈ ਵੀ ਇਸ ਦਾ ਕਾਰਨ ਨਹੀਂ ਦੱਸ ਰਿਹਾ। ਨਾ ਹੀ ਕੋਈ ਇਹ ਦੱਸ ਰਿਹਾ ਹੈ ਕਿ ਇਹ ਪਾਬੰਦੀ ਕਿਵੇਂ ਹਟਾਈ ਜਾ ਸਕਦੀ ਹੈ। ਅਸੀਂ ਕਈ ਈ-ਮੇਲ ਭੇਜੀਆਂ, ਪਰ ਰਸਮੀ ਜਵਾਬ ਤੋਂ ਇਲਾਵਾ ਕੋਈ ਸਪੱਸ਼ਟੀਕਰਨ ਨਹੀਂ ਮਿਲਿਆ।"
ਕੇਜਰੀਵਾਲ ਨੇ ਕਿਹਾ ਕਿ ਮੈਟਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਪੱਸ਼ਟ ਜਵਾਬ ਨਾ ਦੇਣਾ "ਬਹੁਤ ਮਾੜੀ ਸੇਵਾ" ਹੈ।ਉਨ੍ਹਾਂ ਆਪਣੀ ਇੰਸਟਾਗ੍ਰਾਮ 'ਅਕਾਊਂਟ ਸਟੇਟਸ' ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ। ਇਸ ਵਿੱਚ ਦਰਸਾਇਆ ਗਿਆ ਹੈ ਕਿ ਉਨ੍ਹਾਂ ਦਾ ਖਾਤਾ "ਕੁਝ ਥਾਵਾਂ 'ਤੇ ਉਪਲਬਧ ਨਹੀਂ" ਹੈ। ਹਾਲਾਂਕਿ, ਸਕ੍ਰੀਨਸ਼ਾਟ ਮੁਤਾਬਕ ਉਨ੍ਹਾਂ ਦੀ ਕੋਈ ਵੀ ਪੋਸਟ ਹਟਾਈ ਨਹੀਂ ਗਈ, ਉਨ੍ਹਾਂ ਦੀ ਪਹੁੰਚ (Reach) ਸੀਮਤ ਨਹੀਂ ਕੀਤੀ ਗਈ, ਉਹ ਇੰਸਟਾਗ੍ਰਾਮ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਵਰਤ ਸਕਦੇ ਹਨ ਅਤੇ ਉਨ੍ਹਾਂ ਦਾ ਖਾਤਾ ਮੋਨੇਟਾਈਜ਼ ਵੀ ਹੈ।ਫਿਲਹਾਲ ਮੈਟਾ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
















