ਵੈਨਕੂਵਰ: ਗ੍ਰੈਨਵਿਲ ਸਟ੍ਰੀਟ 'ਤੇ ਪੈਦਲ ਯਾਤਰੀ ਜ਼ੋਨ ਦੀ ਮਿਆਦ ਲੇਬਰ ਡੇਅ ਤੱਕ ਵਧਾਈ
ਵੈਨਕੂਵਰ-ਵੈਨਕੂਵਰ ਸਿਟੀ ਕੌਂਸਲ ਨੇ ਵੀਰਵਾਰ ਨੂੰ ਗ੍ਰੈਨਵਿਲ ਸਟ੍ਰੀਟ 'ਤੇ ਬਣਾਏ ਗਏ ਪੈਦਲ ਯਾਤਰੀ ਜ਼ੋਨ ਦੀ ਮਿਆਦ ਲੇਬਰ ਡੇਅ ਤੱਕ ਵਧਾਉਣ ਦੇ ਹੱਕ ਵਿੱਚ ਮਤਦਾਨ ਕੀਤਾ ਹੈ।ਕੌਂਸਲ ਦਾ ਕਹਿਣਾ ਹੈ ਕਿ 2026 ਫੀਫਾ ਵਿਸ਼ਵ ਕੱਪ ਦੌਰਾਨ ਇਸ ਖੇਤਰ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਸਫਲਤਾ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਗ੍ਰੈਨਵਿਲ ਸਟ੍ਰੀਟ ਕੁਝ ਹੋਰ ਸਮੇਂ ਲਈ ਸਿਰਫ਼ ਪੈਦਲ ਯਾਤਰੀਆਂ ਲਈ ਖੁੱਲ੍ਹੀ ਰਹੇ।
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ ਕਿ ਸ਼ਹਿਰ ਨੇ ਇੱਕ ਵਾਰ ਫਿਰ ਮਹਿਸੂਸ ਕੀਤਾ ਹੈ ਕਿ ਜਦੋਂ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਸ਼ਹਿਰ ਕਿਵੇਂ ਰੌਣਕ ਨਾਲ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗ੍ਰੈਨਵਿਲ ਸਟ੍ਰੀਟ 'ਤੇ ਲਗਾਤਾਰ ਚਹਿਲ-ਪਹਿਲ ਰਹੀ, ਸਥਾਨਕ ਕਾਰੋਬਾਰਾਂ ਨੂੰ ਵੱਧ ਗਾਹਕ ਮਿਲੇ ਅਤੇ ਨਿਵਾਸੀਆਂ ਨਾਲ-ਨਾਲ ਸੈਲਾਨੀਆਂ ਨੇ ਵੀ ਇਸ ਪ੍ਰਬੰਧ ਨੂੰ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ ਹੈ।ਸ਼ਹਿਰ ਦਾ ਕਹਿਣਾ ਹੈ ਕਿ ਪੈਦਲ ਯਾਤਰੀ ਜ਼ੋਨ ਨੂੰ ਜਾਰੀ ਰੱਖਣ ਨਾਲ ਸਥਾਨਕ ਕਾਰੋਬਾਰਾਂ ਨੂੰ ਬਾਹਰੀ ਬੈਠਕਾਂ ਅਤੇ ਹੋਰ ਸਹੂਲਤਾਂ 'ਤੇ ਕੀਤੇ ਨਿਵੇਸ਼ ਦਾ ਵਧੇਰੇ ਲਾਭ ਮਿਲੇਗਾ।ਡਿਪਟੀ ਮੇਅਰ ਸਾਰਾ ਕਿਰਬੀ-ਯੰਗ, ਜਿਨ੍ਹਾਂ ਨੇ ਇਸ ਪ੍ਰਸਤਾਵ ਨੂੰ ਸਹਿਯੋਗ ਦਿੱਤਾ, ਨੇ ਕਿਹਾ ਕਿ ਇਸ ਗਰਮੀ ਨੇ ਸਾਬਤ ਕੀਤਾ ਹੈ ਕਿ ਜਦੋਂ ਸਰਕਾਰ, ਕਾਰੋਬਾਰ ਅਤੇ ਭਾਈਚਾਰਾ ਮਿਲ ਕੇ ਕੰਮ ਕਰਦੇ ਹਨ ਤਾਂ ਲੋਕਾਂ ਲਈ ਜੀਵੰਤ ਅਤੇ ਆਕਰਸ਼ਕ ਜਨਤਕ ਥਾਵਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੌਂਸਲ ਇਸ ਸਕਾਰਾਤਮਕ ਰੁਝਾਨ ਨੂੰ ਜਾਰੀ ਰੱਖਣ ਅਤੇ ਡਾਊਨਟਾਊਨ ਨੂੰ ਹੋਰ ਸੁਰੱਖਿਅਤ, ਸੁਆਗਤਯੋਗ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।ਕੌਂਸਲ ਨੇ ਇਹ ਵੀ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਵੀ ਗ੍ਰੈਨਵਿਲ ਸਟ੍ਰੀਟ 'ਤੇ ਪੈਦਲ ਯਾਤਰੀ ਜ਼ੋਨ ਮੁੜ ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਜਾਵੇਗਾ, ਤਾਂ ਜੋ ਇਸ ਨੂੰ ਸੰਭਾਵਿਤ ਕ੍ਰਿਸਮਿਸ ਮਾਰਕੀਟ ਨਾਲ ਜੋੜਿਆ ਜਾ ਸਕੇ।
ਇਸ ਤੋਂ ਇਲਾਵਾ, ਸ਼ਹਿਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਯੋਜਨਾ ਨੂੰ ਲਾਗੂ ਰੱਖਣ ਲਈ ਸੂਬਾ ਸਰਕਾਰ, ਲਿਕਰ ਐਂਡ ਕੈਨਾਬਿਸ ਰੈਗੂਲੇਸ਼ਨ ਬ੍ਰਾਂਚ ਅਤੇ ਟ੍ਰਾਂਸਲਿੰਕ ਨਾਲ ਮਿਲ ਕੇ ਲੋੜੀਂਦੀਆਂ ਮਨਜ਼ੂਰੀਆਂ ਹਾਸਲ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ।
















