ਟੋਰਾਂਟੋ ਦੇ ਦੋਵੇਂ ਵੱਡੇ ਸਕੂਲ ਬੋਰਡਾਂ ਨੂੰ ਕਰੋੜਾਂ ਡਾਲਰ ਦੇ ਘਾਟੇ ਦਾ ਅੰਦਾਜ਼ਾ
ਟੋਰਾਂਟੋ-ਸੂਬਾ ਸਰਕਾਰ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ 2026-27 ਵਿੱਤੀ ਸਾਲ ਲਈ ਕਰੀਬ 1.5 ਕਰੋੜ ਡਾਲਰ (15 ਮਿਲੀਅਨ) ਦੇ ਘਾਟੇ ਦਾ ਅਨੁਮਾਨ ਲਗਾਇਆ ਹੈ।ਬੋਰਡ ਵੱਲੋਂ ਜਾਰੀ ਬਜਟ ਰਿਪੋਰਟ ਅਨੁਸਾਰ ਸ਼ੁਰੂਆਤੀ ਘਾਟਾ ਲਗਭਗ 7.5 ਕਰੋੜ ਡਾਲਰ (75 ਮਿਲੀਅਨ) ਸੀ, ਪਰ ਸੂਬਾ ਸਰਕਾਰ ਵੱਲੋਂ ਨਿਯੁਕਤ ਸੁਪਰਵਾਈਜ਼ਰ ਦੇ ਫ਼ੈਸਲਿਆਂ ਕਾਰਨ 5 ਕਰੋੜ 95 ਲੱਖ ਡਾਲਰ (59.5 ਮਿਲੀਅਨ) ਦੀ ਬਚਤ ਕੀਤੀ ਗਈ। ਇਹ ਬਚਤ ਪਹਿਲਾਂ ਐਲਾਨੀਆਂ ਕੇਂਦਰੀ ਸਟਾਫ਼ ਵਿੱਚ ਕਟੌਤੀਆਂ ਅਤੇ ਹੋਰ ਗੈਰ-ਜ਼ਰੂਰੀ ਖ਼ਰਚਿਆਂ ਨੂੰ ਘਟਾਉਣ ਨਾਲ ਸੰਭਵ ਹੋਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਬੋਰਡ ਦੀ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਮੁੜ ਕਾਇਮ ਕਰਨ ਵੱਲ ਇੱਕ ਮਹੱਤਵਪੂਰਨ ਤਰੱਕੀ ਹੈ।
ਯਾਦ ਰਹੇ ਕਿ TDSB ਉਨ੍ਹਾਂ ਅੱਠ ਸਕੂਲ ਬੋਰਡਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਓਨਟਾਰੀਓ ਸਰਕਾਰ ਨੇ ਕਥਿਤ ਵਿੱਤੀ ਕੁਪ੍ਰਬੰਧਨ, ਲਗਾਤਾਰ ਵਧ ਰਹੇ ਘਾਟੇ ਅਤੇ ਖ਼ਰਚੇ ਘਟਾਉਣ ਦੇ ਉਪਾਅ ਲਾਗੂ ਨਾ ਕਰਨ ਦੇ ਦੋਸ਼ਾਂ ਕਾਰਨ ਸੂਬਾਈ ਸੁਪਰਵਾਈਜ਼ਰਾਂ ਦੇ ਅਧੀਨ ਕੀਤਾ ਹੋਇਆ ਹੈ।ਰਿਪੋਰਟ ਮੁਤਾਬਕ ਅਗਲੇ ਸਾਲ ਕਰੀਬ 5,000 ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਉਮੀਦ ਹੈ। ਇਸ ਦੇ ਬਾਵਜੂਦ ਬੋਰਡ ਗਣਿਤ ਅਤੇ ਭਾਸ਼ਾਈ ਸਿੱਖਿਆ ਲਈ ਅਧਿਆਪਨ ਸਹਾਇਤਾ ਵਿੱਚ ਵਾਧਾ ਕਰੇਗਾ ਅਤੇ ਵਿਸ਼ੇਸ਼ ਸਿੱਖਿਆ ਤੇ ਮਾਨਸਿਕ ਸਿਹਤ ਸੇਵਾਵਾਂ ਨਾਲ ਜੁੜੇ ਸਕੂਲੀ ਸਟਾਫ਼ ਦੀ ਗਿਣਤੀ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
ਉੱਥੇ ਹੀ ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (TCDSB) ਨੇ ਵੀ 2026-27 ਲਈ ਲਗਭਗ 4 ਕਰੋੜ ਡਾਲਰ (40 ਮਿਲੀਅਨ) ਦੇ ਘਾਟੇ ਦਾ ਅਨੁਮਾਨ ਜਤਾਇਆ ਹੈ। ਹਾਲਾਂਕਿ ਇਹ ਸ਼ੁਰੂਆਤੀ ਅੰਦਾਜ਼ੇ 6 ਕਰੋੜ 53 ਲੱਖ ਡਾਲਰ (65.3 ਮਿਲੀਅਨ) ਤੋਂ ਘੱਟ ਹੈ, ਪਰ ਇਹ ਪਿਛਲੇ ਵਿੱਤੀ ਸਾਲ ਦੇ 3 ਕਰੋੜ 96 ਲੱਖ ਡਾਲਰ (39.6 ਮਿਲੀਅਨ) ਦੇ ਘਾਟੇ ਦੇ ਲਗਭਗ ਬਰਾਬਰ ਹੈ।TCDSB ਵਿੱਚ ਵੀ ਸੂਬਾ ਸਰਕਾਰ ਵੱਲੋਂ ਨਿਯੁਕਤ ਸੁਪਰਵਾਈਜ਼ਰ ਦੇ ਫ਼ੈਸਲਿਆਂ ਨਾਲ ਕਰੀਬ 2 ਕਰੋੜ 60 ਲੱਖ ਡਾਲਰ (26 ਮਿਲੀਅਨ) ਦੀ ਬਚਤ ਕੀਤੀ ਗਈ। ਇਸ ਵਿੱਚ ਅੰਤਰਰਾਸ਼ਟਰੀ ਭਾਸ਼ਾ ਪ੍ਰੋਗਰਾਮ ਵਿੱਚ ਕਟੌਤੀ, ਪ੍ਰਸ਼ਾਸਕੀ ਖ਼ਰਚੇ ਘਟਾਉਣ, ਖਾਲੀ ਅਸਾਮੀਆਂ ਨੂੰ ਨਾ ਭਰਨ ਅਤੇ ਕੁਦਰਤੀ ਤੌਰ 'ਤੇ ਘਟ ਰਹੇ ਸਟਾਫ਼ ਦੀ ਭਰਤੀ ਨਾ ਕਰਨ ਵਰਗੇ ਕਦਮ ਸ਼ਾਮਲ ਹਨ।ਬੋਰਡ ਦੀ ਰਿਪੋਰਟ ਅਨੁਸਾਰ ਕੁਝ ਸਮੇਂ ਦੀ ਮਾਮੂਲੀ ਵਾਧੇ ਤੋਂ ਬਾਅਦ ਅਗਲੇ ਸਾਲ ਅਤੇ ਆਉਣ ਵਾਲੇ ਸਾਲਾਂ ਵਿੱਚ ਕਰੀਬ 1,500 ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਸੰਭਾਵਨਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਨਸੰਖਿਆ ਵਿੱਚ ਆ ਰਹੀਆਂ ਤਬਦੀਲੀਆਂ, ਕੈਨੇਡਾ ਵਿੱਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਣ ਕਾਰਨ ਅੰਗਰੇਜ਼ੀ ਦੂਜੀ ਭਾਸ਼ਾ (ESL) ਲਈ ਮਿਲਣ ਵਾਲੀ ਫੰਡਿੰਗ ਵਿੱਚ ਕਮੀ ਅਤੇ ਅੰਤਰਰਾਸ਼ਟਰੀ ਸਿੱਖਿਆ ਤੋਂ ਹੋਣ ਵਾਲੀ ਆਮਦਨ ਘਟਣ ਕਾਰਨ ਬੋਰਡ ਦੀ ਕੁੱਲ ਆਮਦਨ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।
















