ਜੰਗਬੰਦੀ ਹੋਣ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ’ਤੇ ਉਡਾਣਾਂ ਜਲਦ ਭਰਨਗੀਆਂ ਉਡਾਰੀਆਂ
ਚੰਡੀਗੜ੍ਹ-ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਕਾਫ਼ੀ ਏਅਰਪੋਰਟ ਬੰਦ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਗਈ ਅਤੇ ਮੁੜ ਇਹ ਏਅਰਪੋਰਟ ਪਹਿਲਾਂ ਵਾਂਗ ਖੁੱਲ੍ਹ ਗਏ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਹਵਾਈ ਅੱਡੇ ਬਾਰੇ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡਾ ਆਮ ਸਿਵਲ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਹੈ ਅਤੇ ਏਅਰਲਾਈਨਾਂ ਨੇ ਵੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ 9 ਮਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਕਾਰਨ ਸ਼੍ਰੀਨਗਰ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਕਾਂਗੜਾ ਸਮੇਤ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ 32 ਹਵਾਈ ਅੱਡਿਆਂ ਨੂੰ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਦੁਆਰਾ 15 ਮਈ ਤੱਕ ਸਿਵਲ ਉਡਾਣ ਸੰਚਾਲਨ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਮੌਕੇ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ ’ਤੇ ਪੋਸਟ ਕੀਤਾ, “ਹੁਣ ਜਦੋਂ ਸਾਡੇ ਕੋਲ ਜੰਗਬੰਦੀ ਹੈ ਤਾਂ ਮੈਨੂੰ ਉਮੀਦ ਹੈ ਕਿ ਹਵਾਈ ਅੱਡੇ ਜਲਦੀ ਖੋਲ੍ਹੇ ਜਾ ਸਕਦੇ ਹਨ ਅਤੇ ਸਿਵਲ ਉਡਾਣਾਂ ਮੁੜ ਸ਼ੁਰੂ ਹੋ ਸਕਦੀਆਂ ਹਨ। ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਹਵਾਈ ਖੇਤਰ ਨੂੰ ਦੁਬਾਰਾ ਖੋਲ੍ਹਣ ਲਈ ਤੇਜ਼ੀ ਨਾਲ ਕਦਮ ਚੁੱਕੇਗੀ ਅਤੇ ਸਾਨੂੰ ਸ਼੍ਰੀਨਗਰ ਤੋਂ ਹੱਜ ਉਡਾਣਾਂ ਮੁੜ ਸ਼ੁਰੂ ਕਰਨ ਦੇ ਯੋਗ ਬਣਾਏਗੀ।”
















