ਲਸ਼ਕਰ-ਏ-ਤੈਬਾ ਦਾ ਸਹਿ-ਸੰਸਥਾਪਕ ਆਮਿਰ ਹਮਜ਼ਾ ਪਾਕਿਸਤਾਨ ਵਿੱਚ ਗੋਲੀਬਾਰੀ ਵਿੱਚ ਜ਼ਖ਼ਮੀ, ਇਕ ਸਾਲ ਵਿੱਚ ਦੂਜਾ ਹਮਲਾ
ਪਾਕਿਸਤਾਨ — ਲਸ਼ਕਰ-ਏ-ਤੈਬਾ ਦਾ ਸਹਿ-ਸੰਸਥਾਪਕ ਆਮਿਰ ਹਮਜ਼ਾ ਲਾਹੌਰ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ। ਇਹ ਪਿਛਲੇ ਇਕ ਸਾਲ ਵਿੱਚ ਉਸ ’ਤੇ ਦੂਜਾ ਕਤਲਾਨਾ ਹਮਲਾ ਹੈ।ਜਾਣਕਾਰੀ ਅਨੁਸਾਰ, 67 ਸਾਲਾ ਆਮਿਰ ਹਮਜ਼ਾ ਇੱਕ ਟੀਵੀ ਇੰਟਰਵਿਊ ਤੋਂ ਬਾਅਦ ਨਿਊਜ਼ 24 ਦੇ ਦਫ਼ਤਰ ਤੋਂ ਬਾਹਰ ਨਿਕਲ ਰਿਹਾ ਸੀ, ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸਦੀ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੌਰਾਨ ਉਸਦੇ ਮੋਢੇ ’ਤੇ ਗੋਲੀ ਲੱਗੀ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇਲਾਕੇ ਨਾਲ ਜਾਣੂ ਸਨ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਇਸ ਤੋਂ ਪਹਿਲਾਂ ਮਈ 2025 ਵਿੱਚ ਵੀ ਹਮਜ਼ਾ ਉੱਤੇ ਇਸੇ ਤਰ੍ਹਾਂ ਦਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਬਚ ਗਿਆ ਸੀ।ਆਮਿਰ ਹਮਜ਼ਾ ਨੂੰ ਅਮਰੀਕਾ ਵੱਲੋਂ 2012 ਵਿੱਚ ਗਲੋਬਲ ਆਤੰਕੀ ਘੋਸ਼ਿਤ ਕੀਤਾ ਗਿਆ ਸੀ। ਉਹ ਲਸ਼ਕਰ-ਏ-ਤੈਬਾ ਦੇ ਪ੍ਰਮੁੱਖ ਵਿਚਾਰਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਹਾਫਿਜ਼ ਸਈਦ ਤੇ ਅਬਦੁਲ ਰਹਮਾਨ ਮੱਕੀ ਦੇ ਕਰੀਬੀ ਸਾਥੀ ਵਜੋਂ ਜਾਣਿਆ ਜਾਂਦਾ ਹੈ।ਸੂਤਰਾਂ ਮੁਤਾਬਕ, 2000 ਦੇ ਸ਼ੁਰੂਆਤੀ ਦਹਾਕੇ ਵਿੱਚ ਉਸਨੂੰ ਭਾਰਤ ਵਿੱਚ ਆਧਾਰ ਢਾਂਚਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਉਹ 2005 ਵਿੱਚ ਬੈਂਗਲੁਰੂ ਦੇ ਇੰਡিয়ান ਇੰਸਟੀਚਿਊਟ ਆਫ ਸਾਇੰਸ ’ਤੇ ਹਮਲੇ ਨਾਲ ਵੀ ਜੁੜਿਆ ਹੋਇਆ ਦੱਸਿਆ ਜਾਂਦਾ ਹੈ।ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਲਸ਼ਕਰ ਦੇ ਆਗੂ ਪਿਛਲੇ ਸਾਲ ਹੋਈ “ਓਪਰੇਸ਼ਨ ਸਿੰਦੂਰ” ਦੌਰਾਨ ਮੁਰਿਦਕੇ ਕੈਂਪ ਦੇ ਨੁਕਸਾਨ ਦਾ ਬਦਲਾ ਲੈਣ ਦੀ ਗੱਲ ਕਰ ਰਹੇ ਹਨ।ਲਸ਼ਕਰ ਦੇ ਰਾਜਨੀਤਿਕ ਵਿੰਗ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ ਪਾਕਿਸਤਾਨ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ ਅਤੇ ਨੇਤਾਵਾਂ ਨੇ ਵਧੀਕ ਸੁਰੱਖਿਆ ਦੀ ਮੰਗ ਕੀਤੀ ਹੈ।ਪਿਛਲੇ ਕੁਝ ਸਮੇਂ ਵਿੱਚ ਪਾਕਿਸਤਾਨ ਵਿੱਚ ਲਸ਼ਕਰ-ਏ-ਤੈਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਕਈ ਆਤੰਕੀਆਂ ’ਤੇ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ, ਜਿਸ ਨਾਲ ਸੁਰੱਖਿਆ ਸਥਿਤੀ ’ਤੇ ਵੀ ਸਵਾਲ ਖੜੇ ਹੋ ਰਹੇ ਹਨ।
















