ਕੈਨੇਡਾ ‘ਚ ਮਹਿੰਗਾਈ 2.4% ‘ਤੇ ਪਹੁੰਚੀ, ਗੈਸ ਕੀਮਤਾਂ ਵੱਡਾ ਕਾਰਨ
ਓਟਾਵਾ-ਕੈਨੇਡਾ ਵਿੱਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। Statistics Canada ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲਾਨਾ ਮਹਿੰਗਾਈ 2.4 ਫੀਸਦੀ ਤੱਕ ਚੜ੍ਹ ਗਈ ਹੈ।ਇਸ ਵਾਧੇ ਦਾ ਸਭ ਤੋਂ ਵੱਡਾ ਕਾਰਨ ਗੈਸ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਆਇਆ ਉਛਾਲ ਹੈ। ਵਿਸ਼ਵ ਪੱਧਰ ‘ਤੇ ਤਣਾਅ, ਖਾਸ ਕਰਕੇ Iran ਨਾਲ ਜੁੜੇ ਹਾਲਾਤਾਂ ਨੇ ਊਰਜਾ ਬਾਜ਼ਾਰ ‘ਤੇ ਅਸਰ ਪਾਇਆ ਹੈ। ਮਾਰਚ ਵਿੱਚ ਗੈਸ ਦੀਆਂ ਕੀਮਤਾਂ ਵਿੱਚ 21.2 ਫੀਸਦੀ ਮਹੀਨਾਵਾਰ ਵਾਧਾ ਦਰਜ ਕੀਤਾ ਗਿਆ, ਜੋ ਕਿ ਕਾਫ਼ੀ ਉੱਚਾ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਹੀ ਕੁੱਲ ਊਰਜਾ ਕੀਮਤਾਂ ਵਿੱਚ ਵੀ ਸਾਲਾਨਾ 3.9 ਫੀਸਦੀ ਦਾ ਵਾਧਾ ਹੋਇਆ ਹੈ।
ਅਰਥਸ਼ਾਸਤਰੀਆਂ ਦੇ ਅਨੁਮਾਨ ਮੁਤਾਬਕ ਮਹਿੰਗਾਈ ਦਰ 2.5 ਫੀਸਦੀ ਦੇ ਨੇੜੇ ਰਹਿਣ ਦੀ ਸੰਭਾਵਨਾ ਸੀ। ਫਰਵਰੀ ਮਹੀਨੇ ਵਿੱਚ ਇਹ ਦਰ 1.8 ਫੀਸਦੀ ਸੀ, ਜਿਸ ਨਾਲ ਸਪੱਸ਼ਟ ਹੈ ਕਿ ਇੱਕ ਮਹੀਨੇ ਵਿੱਚ ਮਹਿੰਗਾਈ ਵਿੱਚ ਵੱਡਾ ਉਛਾਲ ਆਇਆ ਹੈ।ਦੂਜੇ ਪਾਸੇ, ਸਰਕਾਰ ਵੱਲੋਂ ਕੁਝ ਊਰਜਾ ਟੈਕਸਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਮਾਰਚ 2025 ਦੀਆਂ ਕੀਮਤਾਂ ਨਾਲ ਤੁਲਨਾ ਨਾ ਕੀਤੀ ਜਾਂਦੀ, ਤਾਂ ਮਹਿੰਗਾਈ ਦਰ ਹੋਰ ਵੀ ਵੱਧ ਸਕਦੀ ਸੀ।ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਜਾਰੀ ਹੈ। ਖਾਦ ਪਦਾਰਥਾਂ ਵਿੱਚ 4.4 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ 7.8 ਫੀਸਦੀ ਤੱਕ ਵਧ ਗਈਆਂ ਹਨ। ਇਹ ਹਾਲਾਤ ਆਮ ਘਰਾਂ ਦੇ ਬਜਟ ‘ਤੇ ਸਿੱਧਾ ਅਸਰ ਪਾ ਰਹੇ ਹਨ।
















