ਅਲਬਰਟਾ ਵਿੱਚ ਸਾਲ ਵਿੱਚ ਦੋ ਵਾਰ ਘੜੀ ਬਦਲਣ ਦੀ ਪ੍ਰਥਾ ਖਤਮ ਹੋਵੇਗੀ: ਪ੍ਰੀਮੀਅਰ ਸਮਿਥ
ਐਡਮੰਟਨ-ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਪ੍ਰਥਾ ਜਲਦ ਖਤਮ ਕੀਤੀ ਜਾਵੇਗੀ।ਸਰਵਿਸ ਅਲਬਰਟਾ ਮੰਤਰੀ ਡੇਲ ਨੈਲੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਹੁਣ ਪੂਰੇ ਸਾਲ ਲਈ ਡੇਲਾਈਟ ਟਾਈਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।ਉਨ੍ਹਾਂ ਕਿਹਾ, “ਅਸੀਂ ਅੱਗੇ ਵੱਧ ਰਹੇ ਹਾਂ ਤਾਂ ਜੋ ਸ਼ਾਮ ਦੇ ਸਮੇਂ ਵਿੱਚ ਇੱਕ ਘੰਟਾ ਵੱਧ ਰੌਸ਼ਨੀ ਮਿਲ ਸਕੇ।”
ਇਸ ਫੈਸਲੇ ਨਾਲ ਹੁਣ ਘੜੀਆਂ ਨੂੰ ਨਾ ਤਾਂ ਸਰਦੀ ਵਿੱਚ ਇੱਕ ਘੰਟਾ ਪਿੱਛੇ ਕੀਤਾ ਜਾਵੇਗਾ ਅਤੇ ਨਾ ਹੀ ਬਸੰਤ ਵਿੱਚ ਇੱਕ ਘੰਟਾ ਅੱਗੇ। ਹਾਲਾਂਕਿ, ਇਸ ਨਾਲ ਸਰਦੀਆਂ ਵਿੱਚ ਸਵੇਰੇ ਘੱਟ ਰੌਸ਼ਨੀ ਮਿਲੇਗੀ ਪਰ ਸ਼ਾਮ ਨੂੰ ਜ਼ਿਆਦਾ ਚਾਨਣ ਰਹੇਗਾ।ਇਸ ਬਦਲਾਅ ਨੂੰ ਲਾਗੂ ਕਰਨ ਲਈ ਕਾਨੂੰਨ ਇਸ ਹਫ਼ਤੇ ਵਿਧਾਨ ਸਭਾ ਵਿੱਚ ਪੇਸ਼ ਹੋਣ ਦੀ ਉਮੀਦ ਹੈ।
ਸਮਿਥ ਨੇ ਪਿਛਲੇ ਮਹੀਨੇ ਇਸ ਮਸਲੇ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਸੀ, ਜਦੋਂ ਬ੍ਰਿਟਿਸ਼ ਕੋਲੰਬੀਆ ਨੇ ਸਥਾਈ ਡੇਲਾਈਟ ਟਾਈਮ ‘ਤੇ ਰਹਿਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਸ਼ਾਮ ਨੂੰ ਵੱਧ ਰੌਸ਼ਨੀ ਪਸੰਦ ਕਰਦੇ ਹਨ।ਫਿਲਹਾਲ, ਅਲਬਰਟਾ ਨੂੰ 1 ਨਵੰਬਰ ਨੂੰ ਮੁੜ ਸਟੈਂਡਰਡ ਟਾਈਮ ‘ਤੇ ਜਾਣਾ ਸੀ, ਪਰ ਨਵੇਂ ਕਾਨੂੰਨ ਨਾਲ ਇਹ ਪ੍ਰਥਾ ਖਤਮ ਹੋ ਸਕਦੀ ਹੈ।ਇਸ ਫੈਸਲੇ ਦਾ ਪ੍ਰਭਾਵ ਕਾਰੋਬਾਰ, ਆਵਾਜਾਈ ਅਤੇ ਲੋਕਾਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ। ਕਈ ਮੈਡੀਕਲ ਮਾਹਿਰਾਂ ਅਤੇ ਸੰਸਥਾਵਾਂ ਦਾ ਮੰਨਣਾ ਹੈ ਕਿ ਸਥਾਈ ਡੇਲਾਈਟ ਟਾਈਮ ਨਾਲ ਨੀਂਦ ਦੀਆਂ ਸਮੱਸਿਆਵਾਂ ਸਮੇਤ ਸਿਹਤ ਸੰਬੰਧੀ ਮੁਸ਼ਕਲਾਂ ਵਧ ਸਕਦੀਆਂ ਹਨ।
ਉਧਰ, ਸਮਰਥਕਾਂ ਦਾ ਕਹਿਣਾ ਹੈ ਕਿ ਸ਼ਾਮ ਦੀ ਵੱਧ ਰੌਸ਼ਨੀ ਲੋਕਾਂ ਦੀ ਦਿਨਚਰਿਆ ਨਾਲ ਮੇਲ ਖਾਂਦੀ ਹੈ ਅਤੇ ਜੀਵਨ ਗੁਣਵੱਤਾ ਨੂੰ ਸੁਧਾਰ ਸਕਦੀ ਹੈ।ਵਿਰੋਧੀ ਧਿਰ ਦੇ ਨੇਤਾ ਨਾਹੀਦ ਨੇਨਸ਼ੀ ਨੇ ਸਰਕਾਰ ਦੀ ਇਸ ਘੋਸ਼ਣਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ, ਜਿਵੇਂ ਸਿਹਤ ਸੇਵਾਵਾਂ ਅਤੇ ਮਹਿੰਗਾਈ।ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਪੰਜ ਸਾਲ ਪਹਿਲਾਂ ਹੋਏ ਰੈਫਰੈਂਡਮ ਵਿੱਚ ਲੋਕਾਂ ਨੇ ਬਹੁਤ ਹੀ ਘੱਟ ਅੰਤਰ ਨਾਲ ਇਸ ਪ੍ਰਸਤਾਵ ਨੂੰ ਰੱਦ ਕੀਤਾ ਸੀ।ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਅਲਬਰਟਾ ਦਾ ਸਮਾਂ ਹੋਰ ਸੂਬਿਆਂ ਨਾਲ ਵੱਖਰਾ ਹੋ ਸਕਦਾ ਹੈ। ਉਦਾਹਰਣ ਲਈ, ਸਸਕੈਚਵਨ ਨਾਲ ਸਮਾਂ ਇਕੋ ਜਿਹਾ ਰਹੇਗਾ, ਜਦਕਿ ਬੀ.ਸੀ. ਹਮੇਸ਼ਾ ਇੱਕ ਘੰਟਾ ਪਿੱਛੇ ਰਹੇਗਾ।ਇਹ ਮਾਮਲਾ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ ਅਤੇ ਹੁਣ ਸਰਕਾਰ ਇਸ ‘ਤੇ ਅੰਤਿਮ ਫੈਸਲਾ ਲੈਣ ਵੱਲ ਵਧ ਰਹੀ ਹੈ।
















