ਯੂਟਿਊਬਰ ਵੱਲੋਂ ਗੁਰੂ ਸਾਹਿਬ ਬਾਰੇ ਐਨੀਮੇਸ਼ਨ ਵੀਡੀਓ ਬਣਾਉਣ ’ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼

SGPC objects to YouTuber making animation video about Guru Sahib

ਯੂਟਿਊਬਰ ਵੱਲੋਂ ਗੁਰੂ ਸਾਹਿਬ ਬਾਰੇ ਐਨੀਮੇਸ਼ਨ ਵੀਡੀਓ ਬਣਾਉਣ ’ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼
ਅੰਮ੍ਰਿਤਸਰ-ਧਰੁਵ ਰਾਠੀ ਨਾਂ ਦੇ ਯੂਟਿਊਬਰ ਦੁਆਰਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਬਾਰੇ ਏ.ਆਈ. ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਅਤੇ ਸਰਕਾਰ ਨੂੰ ਇਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਜਾਣਕਾਰੀ ਮੁਤਾਬਕ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸ਼ਖ਼ਸੀਅਤਾਂ ਦਾ ਇਤਿਹਾਸ ਸਾਡੇ ਲਈ ਪਵਿੱਤਰ ਅਤੇ ਅਟੁੱਟ ਵਿਰਾਸਤ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਵਿਗਾੜਨ ਜਾਂ ਗਲਤ ਢੰਗ ਨਾਲ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਫਿਲਮ ਜਾਂ ਐਨੀਮੇਸ਼ਨ ਨਹੀਂ ਬਣਾਈ ਜਾ ਸਕਦੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮਤੇ ਪਾਸ ਕਰਕੇ ਪੂਰਨ ਤੌਰ ’ਤੇ ਰੋਕ ਲਗਾਈ ਹੋਈ ਹੈ।  ਉਨ੍ਹਾਂ ਕਿਹਾ ਕਿ ਧਰੁਵ ਰਾਠੀ ਦੀ ਵੀਡੀਓ ਵਿਚ ਇਤਿਹਾਸਕ ਗਲਤੀਆਂ ਤੋਂ ਇਲਾਵਾ ਗੁਰੂ ਸਾਹਿਬਾਨ ਨੂੰ ਦਰਸਾਉਂਦੀ ਏ.ਆਈ. ਨਾਲ ਤਿਆਰ ਕੀਤੀ ਵੀਡੀਓ ਸ਼ਾਮਲ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਅਜਿਹੇ ਚਿੱਤਰਣ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਦੀ ਉਲੰਘਣਾ ਹਨ, ਕਿਉਂਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਤਰ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ। ਲਿਹਾਜ਼ਾ ਇਸ ਯੂਟਿਊਬਰ ਨੇ ਸਿੱਖ ਸਿਧਾਂਤਾਂ ਵਿਰੁੱਧ ਜਾਣ ਦੀ ਹਰਕਤ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਬੰਧਤ ਯੂਟਿਊਬਰ ਨੂੰ ਇਹ ਵੀਡੀਓ ਤੁਰੰਤ ਹਟਾਉਣ ਲਈ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਬੰਧਤ ਵੱਲੋਂ ਵੀਡੀਓ ਨਾ ਹਟਾਈ ਗਈ ਤਾਂ ਸ਼੍ਰੋਮਣੀ ਕਮੇਟੀ ਉਸ ਖਿਲਾਫ਼ ਕਾਨੂੰਨੀ ਕਾਰਾਈ ਵੀ ਅਮਲ ਵਿਚ ਲਿਆਵੇਗੀ।