ਕੈਨੇਡਾ ਸੰਘੀ ਚੋਣਾਂ 2025: ਸਰਵੇਖਣ ਅਨੁਸਾਰ ਲਿਬਰਲ ਪਾਰਟੀ 9 ਅੰਕਾਂ ਦੀ ਲੀਡ ਨਾਲ ਵੱਧ ਰਹੀ ਹੈ ਅੱਗੇ

ਕੈਨੇਡਾ ਸੰਘੀ ਚੋਣਾਂ 2025: ਸਰਵੇਖਣ ਅਨੁਸਾਰ ਲਿਬਰਲ ਪਾਰਟੀ 9 ਅੰਕਾਂ ਦੀ ਲੀਡ ਨਾਲ ਵੱਧ ਰਹੀ ਹੈ ਅੱਗੇ

ਓਟਾਵਾ-ਕੈਨੇਡਾ ਫੈਡਰਲ ਚੋਣਾਂ ਵਿੱਚ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਬਾਕੀ ਪਾਰਟੀਆਂ ਨਾਲੋਂ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਫੈਡਰਲ ਚੋਣ ਮੁਹਿੰਮ ਦੇ 12ਵੇਂ ਦਿਨ ਲਿਬਰਲਾਂ ਨੇ ਕੰਜ਼ਰਵੇਟਿਵਾਂ ਉੱਤੇ ਆਪਣੀ ਲੀਡ ਵਧਾ ਕੇ ਨੌ ਅੰਕਾਂ ਦੀ ਕੀਤੀ ਹੈ ਜਿਸ ਅਨੁਸਾਰ ਲਿਬਰਲਾਂ ਨੂੰ 46 ਪ੍ਰਤੀਸ਼ਤ, ਪੀਅਰੇ ਪੋਇਲੀਵਰ ਦੇ ਕੰਜ਼ਰਵੇਟਿਵਾਂ ਨੂੰ 37 ਪ੍ਰਤੀਸ਼ਤ ਨਾਲ ਅੱਗੇ ਰੱਖਿਆ ਗਿਆ ਹੈ। ਇਸ ਤੋਂ ਬਿਨਾਂ ਨਿਊ ਡੈਮੋਕ੍ਰੇਟਿਕ ਪਾਰਟੀ ਨੌਂ ਪ੍ਰਤੀਸ਼ਤ, ਬਲਾਕ ਕਿਊਬੇਕੋਇਸ (ਛੇ ਪ੍ਰਤੀਸ਼ਤ), ਗ੍ਰੀਨ ਪਾਰਟੀ ਆਫ਼ ਕੈਨੇਡਾ (ਦੋ ਪ੍ਰਤੀਸ਼ਤ) ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਇੱਕ ਪ੍ਰਤੀਸ਼ਤ) ’ਤੇ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਓਨਟਾਰੀਓ ਵਿੱਚ ਵੀ ਲਿਬਰਲ ਪਾਰਟੀ ਨੇ ਆਪਣੀ ਧਾਕ ਜਮਾਈ ਹੈ ਕਿਉਂਕਿ ਸਰਵੇਖਣ ਕੀਤੇ ਗਏ 51 ਪ੍ਰਤੀਸ਼ਤ ਲੋਕਾਂ ਨੇ ਉਨ੍ਹਾਂ ਨੂੰ ਕੰਜ਼ਰਵੇਟਿਵਾਂ ਨਾਲੋਂ ਚੁਣਿਆ ਹੈ, ਜੋ ਇੱਕ ਅੰਕ ਡਿੱਗ ਕੇ 37 ਪ੍ਰਤੀਸ਼ਤ ਰਹਿ ਗਏ ਹਨ।

ਗੌਰਤਲਬ ਹੈ ਕਿ ਲਿਬਰਲਾਂ ਨੇ ਪ੍ਰੇਰੀਜ਼ ਨੂੰ ਛੱਡ ਕੇ ਹਰ ਖੇਤਰ ਵਿੱਚ ਵੀ ਲੀਡ ਬਣਾਈ ਹੋਈ ਹੈ, ਜਿੱਥੇ ਕੰਜ਼ਰਵੇਟਿਵਾਂ ਦਾ ਦਬਦਬਾ ਬਣਿਆ ਹੋਇਆ ਹੈ, ਸਰਵੇਖਣ ਕੀਤੇ ਗਏ 64 ਪ੍ਰਤੀਸ਼ਤ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ ਜਦੋਂ ਕਿ ਲਿਬਰਲਾਂ ਲਈ 23 ਪ੍ਰਤੀਸ਼ਤ ਲੋਕ ਹੀ ਸਾਹਮਣੇ ਆਏ। ਕਿਊਬੈਕ ਵਿੱਚ ਲਿਬਰਲ ਇੱਕ ਪ੍ਰਤੀਸ਼ਤ ਅੰਕ ਉੱਪਰ ਹਨ। ਦਿਲਚਸਪ ਗੱਲ ਇਹ ਹੈ ਕਿ ਕੈਨੇਡੀਅਨ ਕਿਸ ਨੂੰ ਪ੍ਰਧਾਨ ਮੰਤਰੀ ਬਣਨਾ ਪਸੰਦ ਕਰਦੇ ਹਨ, ਤਾਂ 50 ਪ੍ਰਤੀਸ਼ਤ ਨੇ ਕਾਰਨੀ (ਇੱਕ ਪ੍ਰਤੀਸ਼ਤ ਵੱਧ) ਨੂੰ ਚੁਣਿਆ ਜਦੋਂ ਕਿ 33 ਪ੍ਰਤੀਸ਼ਤ ਨੇ ਪੋਇਲੀਵਰ (ਇੱਕ ਪ੍ਰਤੀਸ਼ਤ ਘੱਟ) ਨੂੰ ਚੁਣਿਆ ਇਸ ਦੇ ਉਲਟ ਐਨਡੀਪੀ ਨੇਤਾ ਜਗਮੀਤ ਸਿੰਘ ਪੰਜ ਪ੍ਰਤੀਸ਼ਤ ’ਤੇ ਬਣੇ ਹੋਏ ਹਨ। ਸਰਵੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਲਿਬਰਲਾਂ ਨੂੰ ਵੋਟ ਪਾਉਣ ਦੀ ਜ਼ਿਆਦਾ ਸੰਭਾਵਨਾ ਰੱਖਦੀਆਂ ਹਨ। ਸਰਵੇਖਣ ਵਿੱਚ ਸ਼ਾਮਲ 52 ਪ੍ਰਤੀਸ਼ਤ ਔਰਤਾਂ ਨੇ ਕਿਹਾ ਕਿ ਉਹ ਲਿਬਰਲਾਂ ਦਾ ਸਮਰਥਨ ਕਰਨਗੀਆਂ, ਜਦੋਂ ਕਿ 29 ਪ੍ਰਤੀਸ਼ਤ ਔਰਤਾਂ ਨੇ ਕੰਜ਼ਰਵੇਟਿਵ ਨੂੰ ਵੋਟ ਪਾਉਣਗੀਆਂ। ਇਸ ਦੌਰਾਨ, 40 ਪ੍ਰਤੀਸ਼ਤ ਮਰਦਾਂ ਨੇ ਕਿਹਾ ਕਿ ਉਹ ਲਿਬਰਲਾਂ ਦਾ ਸਮਰਥਨ ਕਰਨਗੇ ਜਦੋਂ ਕਿ ਕੰਜ਼ਰਵੇਟਿਵਾਂ ਲਈ ਇਹ 45 ਪ੍ਰਤੀਸ਼ਤ ਹੈ।