ਵੈਨਕੂਵਰ: ਵੈਨਕੂਵਰ ਦੇ ਮੇਅਰ ਕੇਨ ਸਿਮ ਇਸ ਸਮੇਂ ਉਸ ਵਿਵਾਦ ਵਿਚ ਘਿਰੇ ਹੋਏ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਸਿਟੀ ਕੌਂਸਲ ਮੈਂਬਰ ਸੀਨ ਓਰਰ ’ਤੇ ਨਸ਼ੀਲੇ ਪਦਾਰਥ ਵੰਡਣ ਦੇ ਗਲਤ ਦੋਸ਼ ਲਗਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ’ਤੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਸਿਮ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਮੁਆਫ਼ੀ ਮੰਗੀ। ਡਾਊਨਟਾਊਨ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੁੰਦਾ ਕਿ ਕੋਈ ਗਲਤੀ ਕਰਦਾ ਹੈ ਜਾਂ ਨਹੀਂ, ਸਗੋਂ ਇਹ ਹੁੰਦਾ ਹੈ ਕਿ ਉਹ ਉਸ ਗਲਤੀ ਦਾ ਜਵਾਬ ਕਿਵੇਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਵੱਡੀਆਂ ਗਲਤੀਆਂ ਕਰ ਬੈਠਦੇ ਹਨ ਅਤੇ ਨੇਤਾ ਵੀ ਇਸ ਤੋਂ ਅਲੱਗ ਨਹੀਂ ਹੁੰਦੇ। ਜੇ ਗਲਤੀ ਹੋ ਜਾਵੇ ਤਾਂ ਉਸਨੂੰ ਮੰਨਣਾ ਅਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਉਸਦੀ ਦੁਹਰਾਈ ਤੋਂ ਬਚਿਆ ਜਾ ਸਕੇ। ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਸੀ ਜਦੋਂ ਪਹਿਲਾਂ ਇਹ ਮੰਨਿਆ ਗਿਆ ਕਿ ਗਲਤ ਜਾਣਕਾਰੀ ਸਿਰਫ਼ ਏਬੀਸੀ ਕੌਂਸਲਰ ਲੈਨੀ ਝੌ ਵੱਲੋਂ ਦਿੱਤੀ ਗਈ ਸੀ। ਪਿਛਲੇ ਹਫ਼ਤੇ ਝੌ ਨੇ ਗੈਰ-ਏਬੀਸੀ ਕੌਂਸਲ ਮੈਂਬਰਾਂ ’ਤੇ ਨਸ਼ੀਲੇ ਪਦਾਰਥ ਵੰਡਣ ਦੇ ਦੋਸ਼ ਲਗਾਏ ਸਨ, ਜਿਸ ਲਈ ਉਨ੍ਹਾਂ ਬਾਅਦ ਵਿੱਚ ਮੁਆਫ਼ੀ ਵੀ ਮੰਗੀ ਸੀ ਅਤੇ ਮੇਅਰ ਸਿਮ ਨੇ ਉਸ ਮੁਆਫ਼ੀ ਦਾ ਸਵਾਗਤ ਕੀਤਾ ਸੀ। ਹਾਲਾਂਕਿ ਕੁਝ ਚੀਨੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਰਫ਼ ਲਿਖਤੀ ਬਿਆਨ ਕਾਫ਼ੀ ਨਹੀਂ। ਸਮਾਜਿਕ ਕਾਰਕੁਨ ਮਾਈਕ ਟੈਨ, ਜੋ ਪਿਛਲੇ ਦਸ ਸਾਲਾਂ ਤੋਂ ਡਾਊਨਟਾਊਨ ਈਸਟਸਾਈਡ ਵਿੱਚ ਚੀਨੀ ਬਜ਼ੁਰਗਾਂ ਨਾਲ ਕੰਮ ਕਰ ਰਹੇ ਹਨ, ਦਾ ਕਹਿਣਾ ਹੈ ਕਿ ਲੋਕ ਮੇਅਰ ਜਾਂ ਕੌਂਸਲਰਾਂ ਤੋਂ ਇਸ ਮਾਮਲੇ ’ਤੇ ਸਿੱਧੀ ਵਿਆਖਿਆ ਸੁਣਨਾ ਚਾਹੁੰਦੇ ਹਨ। ਟੈਨ ਇਸ ਸਮੇਂ ਵੈਨਕੂਵਰ ਸਿਟੀ ਕੌਂਸਲ ਲਈ ਨਾਮਜ਼ਦਗੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।