ਕੈਨੇਡਾ ਵਿੱਚ ਪੈਟਰੋਲ-ਡੀਜ਼ਲ ਮਹਿੰਗਾ, ਕੀਮਤਾਂ ਵਿੱਚ ਅਚਾਨਕ ਵੱਡਾ ਉਛਾਲ
ਓਟਾਵਾ-ਕੈਨੇਡਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਚਾਨਕ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਨੋਵਾ ਸਕੋਸ਼ੀਆ ਅਤੇ ਪਰਿੰਸ ਐਡਵਰਡ ਆਈਲੈਂਡ ਵਿੱਚ ਕੀਮਤਾਂ ਵਿੱਚ ਕਈ ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਹੈਲੀਫੈਕਸ ਵਿੱਚ ਪੈਟਰੋਲ ਦੀ ਕੀਮਤ 7.1 ਸੈਂਟ ਵੱਧ ਕੇ ਹੁਣ ਘੱਟੋ-ਘੱਟ 182.9 ਸੈਂਟ ਪ੍ਰਤੀ ਲੀਟਰ ਹੋ ਗਈ ਹੈ।
ਇਸਦੇ ਨਾਲ ਹੀ ਨੋਵਾ ਸਕੋਸ਼ੀਆ ਦੇ ਕਈ ਇਲਾਕਿਆਂ ਵਿੱਚ ਡੀਜ਼ਲ ਦੀ ਕੀਮਤ 10.9 ਸੈਂਟ ਵੱਧ ਕੇ 246.7 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਮਾਹਿਰਾਂ ਮੁਤਾਬਕ, ਇਸ ਵਾਧੇ ਦਾ ਮੁੱਖ ਕਾਰਨ ਮੱਧ-ਪੂਰਬ ਵਿੱਚ ਚੱਲ ਰਹੇ ਤਣਾਅ ਹਨ, ਜਿਸ ਨਾਲ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਖ਼ਾਸ ਕਰਕੇ ਹੌਰਮੂਜ਼ ਜਲਡੰਧੀ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਕੀਮਤਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ।
ਵਧ ਰਹੀਆਂ ਕੀਮਤਾਂ ਕਾਰਨ ਕਾਰੋਬਾਰਾਂ ਦੇ ਖਰਚੇ ਵੀ ਵੱਧ ਰਹੇ ਹਨ ਅਤੇ ਆਮ ਲੋਕਾਂ ਦੀ ਜੇਬ ‘ਤੇ ਵੀ ਵੱਧ ਬੋਝ ਪੈ ਰਿਹਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਤਣਾਅ ਲੰਮਾ ਚੱਲਦਾ ਹੈ, ਤਾਂ ਇੰਧਨ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ।
















