ਕਤਰ ਖ਼ਿਲਾਫ਼ ਇਤਿਹਾਸਕ ਜਿੱਤ ਮਗਰੋਂ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਟੀਮ ਦੀ ਕੀਤੀ ਸ਼ਲਾਘਾ
ਵੈਨਕੂਵਰ: ਕਤਰ ਖ਼ਿਲਾਫ਼ 6-0 ਦੀ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੀਮ ਦੇ ਡ੍ਰੈਸਿੰਗ ਰੂਮ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਜਜ਼ਬੇ, ਖੇਡ ਪ੍ਰਦਰਸ਼ਨ ਅਤੇ ਟੀਮ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ।ਜੌਨਾਥਨ ਡੇਵਿਡ ਦੀ ਹੈਟ੍ਰਿਕ ਦੀ ਬਦੌਲਤ ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਕੀਤਾ। ਹਾਲਾਂਕਿ ਇਸ ਸ਼ਾਨਦਾਰ ਜਿੱਤ ਦਰਮਿਆਨ ਮਿਡਫੀਲਡਰ ਇਸਮਾਈਲ ਕੋਨ ਦੀ ਗੰਭੀਰ ਸੱਟ ਨੇ ਟੀਮ ਅਤੇ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਸੱਟ ਲੱਗਣ ਤੋਂ ਬਾਅਦ ਕੋਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਟੀਮ ਨੇ ਸਿਰਫ਼ ਮੈਦਾਨ ਵਿੱਚ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਨਹੀਂ ਕੀਤਾ, ਸਗੋਂ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਚਰਿੱਤਰ ਅਤੇ ਏਕਤਾ ਦੀ ਵੀ ਮਿਸਾਲ ਪੇਸ਼ ਕੀਤੀ ਹੈ।ਉਨ੍ਹਾਂ ਕਿਹਾ, “ਇਸਮਾਈਲ ਕੋਨ ਦੀ ਸੱਟ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਸਾਰੇ ਖਿਡਾਰੀਆਂ ਨੇ ਸ਼ਾਂਤੀ, ਇਕਜੁੱਟਤਾ ਅਤੇ ਹੌਸਲੇ ਦਾ ਪ੍ਰਦਰਸ਼ਨ ਕੀਤਾ, ਉਹ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਤੁਸੀਂ ਦਿਖਾਇਆ ਹੈ ਕਿ ਇੱਕ ਮਜ਼ਬੂਤ ਟੀਮ ਸਿਰਫ਼ ਜਿੱਤ ਨਾਲ ਨਹੀਂ, ਸਗੋਂ ਔਖੇ ਸਮੇਂ ਵਿੱਚ ਇਕ-ਦੂਜੇ ਦੇ ਨਾਲ ਖੜ੍ਹਨ ਨਾਲ ਬਣਦੀ ਹੈ।”
ਕਾਰਨੀ ਨੇ ਕਿਹਾ ਕਿ ਇੱਕ ਕੈਨੇਡੀਅਨ ਹੋਣ ਦੇ ਨਾਤੇ ਉਨ੍ਹਾਂ ਨੂੰ ਟੀਮ 'ਤੇ ਮਾਣ ਹੈ। ਉਨ੍ਹਾਂ ਕਿਹਾ, “ਤੁਸੀਂ ਸਿਰਫ਼ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਰਹੇ, ਸਗੋਂ ਆਪਣੇ ਪਰਿਵਾਰਾਂ, ਦੋਸਤਾਂ ਅਤੇ ਉਨ੍ਹਾਂ ਲੱਖਾਂ ਕੈਨੇਡੀਅਨਾਂ ਦੀਆਂ ਉਮੀਦਾਂ ਦੀ ਵੀ ਨੁਮਾਇੰਦਗੀ ਕਰ ਰਹੇ ਹੋ ਜੋ ਤੁਹਾਨੂੰ ਖੇਡਦਿਆਂ ਦੇਖ ਰਹੇ ਹਨ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਖੇਡ ਮੰਤਰੀ ਐਡਮ ਵੈਨ ਕੋਵਰਡਨ ਨਾਲ ਬਰੈਂਪਟਨ ਵਿੱਚ ਇੱਕ ਨਵੇਂ ਖੇਡ ਕੰਪਲੈਕਸ ਦੇ ਪ੍ਰੋਜੈਕਟ ਦਾ ਦੌਰਾ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਹਜ਼ਾਰਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਫੁੱਟਬਾਲ ਖੇਡਣ ਅਤੇ ਭਵਿੱਖ ਵਿੱਚ ਕੈਨੇਡਾ ਦੀ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰੇਗੀ।ਆਪਣੇ ਸੰਬੋਧਨ ਦੇ ਅੰਤ ਵਿੱਚ ਕਾਰਨੀ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ, “ਅੱਜ ਤੁਸੀਂ ਜੋ ਮਿਸਾਲ ਕਾਇਮ ਕੀਤੀ ਹੈ, ਉਹ ਦੇਸ਼ ਭਰ ਦੇ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ। ਅੱਗੇ ਵਧੋ, ਇਸੇ ਜਜ਼ਬੇ ਨਾਲ ਖੇਡੋ ਅਤੇ ਖਿਤਾਬ ਜਿੱਤ ਕੇ ਦੇਸ਼ ਦਾ ਮਾਣ ਵਧਾਓ।”
















