ਅਲਬਰਟਾ ਵਿੱਚ ਚੋਣੀ ਹੱਦਬੰਦੀ ‘ਚ ਦਖ਼ਲ ਦੇ ਦੋਸ਼, ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਤਿੱਖਾ ਹਮਲਾ

ਅਲਬਰਟਾ ਵਿੱਚ ਚੋਣੀ ਹੱਦਬੰਦੀ ‘ਚ ਦਖ਼ਲ ਦੇ ਦੋਸ਼, ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਤਿੱਖਾ ਹਮਲਾ

ਕੈਨੇਡਾ-ਅਲਬਰਟਾ ਦੀ ਵਿਰੋਧੀ ਧਿਰ ਦੇ ਆਗੂ Naheed Nenshi ਨੇ ਸਰਕਾਰ ‘ਤੇ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਅਲਬਰਟਾ ਬਾਊਂਡਰੀਜ਼ ਕਮਿਸ਼ਨ ਨੇ ਆਪਣੀ ਆਖ਼ਰੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਅਗਲੀ ਚੋਣ ਲਈ ਹਲਕਿਆਂ ਦੀਆਂ ਹੱਦਾਂ ਬਾਰੇ ਸਿਫ਼ਾਰਸ਼ਾਂ ਦਿੱਤੀਆਂ ਗਈਆਂ। ਕਰੀਬ 18 ਮਹੀਨਿਆਂ ਤੱਕ ਹਜ਼ਾਰਾਂ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕਮਿਸ਼ਨ ਨੇ ਆਪਣੀ ਬਹੁਮਤ ਰਿਪੋਰਟ ਤਿਆਰ ਕੀਤੀ ਸੀ।

ਨੈਂਸ਼ੀ ਨੇ ਦੋਸ਼ ਲਗਾਇਆ ਕਿ ਸਰਕਾਰ ਨਾਲ ਜੁੜੇ ਮੈਂਬਰਾਂ ਵੱਲੋਂ ਇੱਕ ਅਲੱਗ ਘੱਟਮਤ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿੱਚ ਹਲਕਿਆਂ ਦੀਆਂ ਹੱਦਾਂ ਸਰਕਾਰ ਦੇ ਹੱਕ ਵਿੱਚ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਲਬਰਟਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਅਤੇ ਕਮਿਸ਼ਨ ਦੇ ਚੇਅਰ ਮੁਤਾਬਕ ਇਹ ਸਿਫ਼ਾਰਸ਼ਾਂ ਸੰਵਿਧਾਨ ਵਿਰੁੱਧ ਵੀ ਹੋ ਸਕਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਨਿਆਂ ਮੰਤਰੀ Mickey Amery ਦੇ ਹਾਲੀਆ ਬਿਆਨ, ਜਿਸ ਵਿੱਚ ਉਨ੍ਹਾਂ ਕਿਹਾ ਕਿ “ਸਾਰੇ ਵਿਕਲਪ ਖੁੱਲ੍ਹੇ ਹਨ”, ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਸਰਕਾਰ ਪੂਰੀ ਰਿਪੋਰਟ ਲਾਗੂ ਨਾ ਕਰਨ ਬਾਰੇ ਸੋਚ ਰਹੀ ਹੈ।

ਨੈਂਸ਼ੀ ਨੇ ਦੋਸ਼ ਲਗਾਇਆ ਕਿ ਇਹ ਕਦਮ ਇੱਕ ਸੁਤੰਤਰ ਪ੍ਰਕਿਰਿਆ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਹੋਵੇਗਾ ਅਤੇ ਇਸਨੂੰ ਚੋਣਾਂ ਨਾਲ ਛੇੜਛਾੜ ਦੇ ਬਰਾਬਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਆਜ਼ਾਦ ਕਮਿਸ਼ਨ ਨੇ ਲੰਬੇ ਸਮੇਂ ਤੱਕ ਲੋਕਾਂ ਦੀ ਰਾਏ ਇਕੱਠੀ ਕਰਕੇ ਬਹੁਮਤ ਰਿਪੋਰਟ ਪੇਸ਼ ਕੀਤੀ ਹੈ ਅਤੇ ਆਮ ਤੌਰ ‘ਤੇ ਇਸਨੂੰ ਜਿਵੇਂ ਦਾ ਤਿਵੇਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪਰ ਸਰਕਾਰ ਇਸਨੂੰ ਬਦਲਣ ਬਾਰੇ ਸੋਚ ਰਹੀ ਹੈ, ਜੋ ਲੋਕਤੰਤਰ ਲਈ ਖ਼ਤਰਾ ਹੈ। ਨੈਂਸ਼ੀ ਨੇ ਇਹ ਵੀ ਕਿਹਾ ਕਿ ਪ੍ਰਭਾਵਸ਼ਾਲੀ ਨੁਮਾਇੰਦਗੀ ਸੰਵਿਧਾਨਕ ਅਧਿਕਾਰ ਹੈ ਅਤੇ ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਤੇ ਆਵਾਜ਼ ਉਠਾਉਣ।

ਉਨ੍ਹਾਂ ਨੇ ਪ੍ਰੀਮੀਅਰ Danielle Smith ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਵਾਰ-ਵਾਰ ਲੋਕਤੰਤਰ ਪ੍ਰਤੀ ਅਦਰਸਾਖੀ ਦਿਖਾ ਰਹੀ ਹੈ, ਪਰ ਵਿਰੋਧੀ ਧਿਰ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕਰੇਗੀ।