ਕੈਨੇਡਾ ਸੰਘੀ ਚੋਣਾਂ 2025: ਲਿਬਰਲ ਪਾਰਟੀ ਨੇ ਕੀਤਾ ਰੌਡ ਲੋਯੋਲਾ ਨੂੰ ਉਮੀਦਵਾਰੀ ਦੀ ਦੌੜ ਵਿਚੋਂ ਬਾਹਰ 

ਕੈਨੇਡਾ ਸੰਘੀ ਚੋਣਾਂ 2025: ਲਿਬਰਲ ਪਾਰਟੀ ਨੇ ਕੀਤਾ ਰੌਡ ਲੋਯੋਲਾ ਨੂੰ ਉਮੀਦਵਾਰੀ ਦੀ ਦੌੜ ਵਿਚੋਂ ਬਾਹਰ 

ਐਡਮੰਟਨ-ਜਿਵੇਂ ਜਿਵੇਂ ਕੈਨੇਡਾ ਸੰਘੀ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਵੇਂ ਤਿਵੇਂ ਪਾਰਟੀਆਂ ਉਮੀਦਵਾਰਾਂ ਦਾ ਨਾਮ ਐਲਾਨਣ ਦੀ ਬਜਾਇ ਐਲਾਨੇ ਉਮੀਦਵਾਰ ਵੀ ਪਾਰਟੀ ਵਿੱਚੋਂ ਬਾਹਰ ਕਰਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਲਿਬਰਲ ਪਾਰਟੀ ਨੇ ਅਲਬਰਟਾ ਵਿੱਚ ਇੱਕ ਉਮੀਦਵਾਰ ਨੂੰ ਹਟਾ ਦਿੱਤਾ ਹੈ, ਜਿਸ ਨਾਲ ਸੰਘੀ ਚੋਣ ਦੌੜ ਤੋਂ ਬਾਹਰ ਹੋਣ ਵਾਲੇ ਨਾਮਜ਼ਦ ਉਮੀਦਵਾਰਾਂ ਦੀ ਵਧਦੀ ਸੂਚੀ ਵਿੱਚ ਵਾਧਾ ਹੋਇਆ ਹੈ। ਇਸ ਸਬੰਧੀ ਲਿਬਰਲ ਨੇਤਾ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਮਾਂਟਰੀਅਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਐਡਮੰਟਨ ਗੇਟਵੇ ਦੇ ਨਵੇਂ ਬਣੇ ਹਲਕੇ ਵਿੱਚ ਚੋਣ ਲੜ ਰਹੇ ਰੌਡ ਲੋਯੋਲਾ ਹੁਣ ਉਮੀਦਵਾਰ ਨਹੀਂ ਹਨ।”ਜ਼ਿਕਰਯੋਗ ਹੈ ਕਿ ਰੌਡ ਲੋਯੋਲਾ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸੂਬਾਈ ਵਿਧਾਨ ਸਭਾ ਵਿੱਚ ਲੰਬੇ ਸਮੇਂ ਤੋਂ ਅਲਬਰਟਾ ਐਨਡੀਪੀ ਵਿਧਾਇਕ ਸਨ। 
ਦਰਅਸਲ ਕਾਰਨੀ ਦੀ ਪੁਸ਼ਟੀ ਰਿਪੋਰਟ ਕੀਤੇ ਜਾਣ ਤੋਂ ਬਾਅਦ ਆਈ ਹੈ ਕਿ ਲੋਯੋਲਾ 2009 ਦੇ ਇੱਕ ਵੀਡੀਓ ਵਿੱਚ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਲੇਬਨਾਨ ਦੇ ਹਿਜ਼ਬੁੱਲਾ ਅਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੀ ਪ੍ਰਸ਼ੰਸਾ ਕਰਦੇ ਸੁਣਿਆ ਜਾ ਸਕਦਾ ਹੈ। ਦੋਵਾਂ ਨੂੰ ਕੈਨੇਡਾ ਦੁਆਰਾ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਸ ਐਲਾਨ ਤੋਂ ਬਾਅਦ ਲੋਯੋਲਾ ਨੇ ਸ਼ੁੱਕਰਵਾਰ ਨੂੰ ਆਪਣੀ ਵੈੱਬਸਾਈਟ ’ਤੇ ਇਸ ਮਾਮਲੇ ਸਬੰਧੀ ਇਕ ਪੋਸਟ ਪਾਈ ਜਿਸ ਵਿੱਚ ਉਹਨਾਂ ਕਿਹਾ ਕਿ 16 ਸਾਲ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਮੈਂ ਇੱਕ ਜੰਗ ਵਿਰੋਧੀ ਰੈਲੀ ਵਿੱਚ ਇੱਕ ਹਿੱਪ-ਹੌਪ ਸੈਗਮੈਂਟ ਦੀ ਜਾਣ-ਪਛਾਣ ਦੌਰਾਨ ਹਮਾਸ ਅਤੇ ਹਿਜ਼ਬੁੱਲਾ ਬਾਰੇ ਟਿੱਪਣੀਆਂ ਕੀਤੀਆਂ ਸਨ, ਮੈਂ ਨਹੀਂ ਸੋਚਿਆ ਸੀ ਕਿ 16 ਸਾਲ ਬਾਅਦ ਇੱਕ ਹਿੱਪ-ਹੌਪ ਸੈਗਮੈਂਟ ਵਿੱਚ ਇੱਕ ਜਾਣ-ਪਛਾਣ ਮੈਨੂੰ ਅਲਬਰਟਾ ਵਿਧਾਨ ਸਭਾ ਵਿੱਚ ਚੁਣੇ ਹੋਏ ਪ੍ਰਤੀਨਿਧੀ ਵਜੋਂ ਸੇਵਾ ਕਰਨ ਦੇ ਲਗਭਗ ਇੱਕ ਦਹਾਕੇ ਬਾਅਦ ਰੱਦ ਕਰ ਦੇਵੇਗੀ।