ਮਿਸੀਸਾਗਾ ’ਚ ਘਰ ਵਿੱਚ ਦਾਖ਼ਲ ਹੋ ਕੇ ਲੁੱਟ ਦੌਰਾਨ ਕਤਲ, 7 ਗ੍ਰਿਫ਼ਤਾਰ
ਟੋਰਾਂਟੋ/ਜੀ.ਟੀ.ਏ.- ਮਿਸੀਸਾਗਾ ਵਿੱਚ 1 ਅਕਤੂਬਰ 2024 ਨੂੰ ਸਵੇਰੇ ਘਰ ਵਿੱਚ ਦਾਖ਼ਲ ਹੋ ਕੇ ਕੀਤੀ ਗਈ ਲੁੱਟ ਦੀ ਵਾਰਦਾਤ ਦੌਰਾਨ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਸੱਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ, ਲੁਟੇਰੇ ਸਕੁਐਰ ਵਨ ਇਲਾਕੇ ਨੇੜੇ ਸਥਿਤ ਇਕ ਮਹਿੰਗੇ ਘਰ ਵਿੱਚ ਵੱਡੀ ਨਕਦੀ ਹੋਣ ਦੇ ਸ਼ੱਕ ਹੇਠ ਹਥਿਆਰਾਂ ਨਾਲ ਲੈਸ ਹੋ ਕੇ ਦਾਖ਼ਲ ਹੋਏ ਸਨ। ਘਰ ਅੰਦਰ ਟਕਰਾਅ ਹੋਣ ਉਪਰੰਤ ਗੋਲੀਬਾਰੀ ਹੋਈ, ਜਿਸ ਵਿੱਚ 55 ਸਾਲਾ ਘਰ ਮਾਲਕ ਰੂਓ ਝਾਓ ਵਈ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਸਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਇਸ ਦੌਰਾਨ ਪਰਿਵਾਰ ਦੇ ਹੋਰ ਦੋ ਮੈਂਬਰ ਵੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ।
ਪੀਲ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਲੁਟੇਰਿਆਂ ਵੱਲੋਂ ਕੀਤੀ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਸਫੈਦ ਰੰਗ ਦੀ ਵੋਲਕਸਵੇਗਨ ਐਟਲਸ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਦੀ ਜਾਂਚ ਕਰ ਰਹੀ ਹੋਮਿਸਾਈਡ ਯੂਨਿਟ ਨੇ ਕਾਰਵਾਈ ਕਰਦਿਆਂ ਸੱਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਿਟੈਕਟਿਵ ਸਰਜੰਟ ਡੇਵਿਸ ਬੈਕਸਟਰ ਨੇ ਕਿਹਾ ਕਿ ਲੁੱਟ ਵਜੋਂ ਸ਼ੁਰੂ ਹੋਈ ਇਹ ਘਟਨਾ ਹਿੰਸਕ ਰੂਪ ਧਾਰ ਗਈ ਅਤੇ ਅੰਜਾਮ ਘਾਤਕ ਸਾਬਤ ਹੋਇਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।
















