ਅਲਬਰਟਾ ਸਰਕਾਰ ਦੀਆਂ ਨੀਤੀਆਂ ਕਾਰਨ ਊਰਜਾ ਪ੍ਰੋਜੈਕਟ ਪ੍ਰਭਾਵਿਤ : ਨਾਹੀਦ ਨੇਂਸ਼ੀ

ਅਲਬਰਟਾ ਸਰਕਾਰ ਦੀਆਂ ਨੀਤੀਆਂ ਕਾਰਨ ਊਰਜਾ ਪ੍ਰੋਜੈਕਟ ਪ੍ਰਭਾਵਿਤ : ਨਾਹੀਦ ਨੇਂਸ਼ੀ

ਕੈਲਗਰੀ : ਅਲਬਰਟਾ ਐਨਡੀਪੀ ਆਗੂ Naheed Nenshi ਨੇ ਕਿਹਾ ਹੈ ਕਿ ਕੈਨੇਡਾ ਦੇ ਊਰਜਾ ਭਵਿੱਖ ਲਈ ਕੁਝ ਅੱਗੇ ਵਧਣ ਦੇ ਸੰਕੇਤ ਮਿਲ ਰਹੇ ਹਨ, ਜੋ ਸੂਬੇ ਲਈ ਚੰਗੀ ਖ਼ਬਰ ਹੈ, ਪਰ ਪ੍ਰੀਮੀਅਰ Danielle Smith ਨੂੰ ਹੁਣ ਅਜਿਹੇ ਮਾਹੌਲ ਵਿੱਚ ਕੰਮ ਕਰਨਾ ਪਵੇਗਾ ਜੋ ਉਨ੍ਹਾਂ ਦੀ ਆਪਣੀ ਸਰਕਾਰ ਦੀਆਂ ਨੀਤੀਆਂ ਕਾਰਨ ਹੋਰ ਮੁਸ਼ਕਿਲ ਬਣ ਚੁੱਕਾ ਹੈ।

ਨੇਂਸ਼ੀ ਨੇ ਕਿਹਾ ਕਿ ਅਲਬਰਟਾ ਕੋਲ ਦੁਨੀਆ ਨੂੰ ਸੁਰੱਖਿਅਤ, ਸਾਫ਼ ਅਤੇ ਪ੍ਰਭਾਵਸ਼ਾਲੀ ਊਰਜਾ ਮੁਹੱਈਆ ਕਰਵਾਉਣ ਦਾ ਵੱਡਾ ਮੌਕਾ ਹੈ ਅਤੇ ਨਾਲ ਹੀ ਮੌਸਮੀ ਤਬਦੀਲੀ ਖ਼ਿਲਾਫ਼ ਅਹਿਮ ਭੂਮਿਕਾ ਵੀ ਨਿਭਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਯੂਸੀਪੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੱਤ ਸਾਲ ਓਟਾਵਾ ਨਾਲ ਟਕਰਾਅ ਵਿੱਚ ਲੰਘ ਗਏ ਅਤੇ ਅਲਬਰਟਾ ਮੁੜ ਸ਼ੁਰੂਆਤੀ ਪੜਾਅ ’ਤੇ ਖੜ੍ਹਾ ਹੈ।

ਉਨ੍ਹਾਂ ਕਿਹਾ ਕਿ ਵੱਡੇ ਊਰਜਾ ਅਤੇ ਪਾਈਪਲਾਈਨ ਪ੍ਰੋਜੈਕਟਾਂ ਲਈ ਉਦਯੋਗ, ਸਥਾਨਕ ਭਾਈਚਾਰਿਆਂ ਅਤੇ ਖ਼ਾਸ ਤੌਰ ’ਤੇ ਮੂਲ ਨਿਵਾਸੀ ਭਾਈਚਾਰਿਆਂ ਨਾਲ ਮਜ਼ਬੂਤ ਸਾਂਝ ਲਾਜ਼ਮੀ ਹੁੰਦੀ ਹੈ। ਪਰ ਮੌਜੂਦਾ ਸਰਕਾਰ ਦੇ ਰਵੱਈਏ ਕਾਰਨ ਇਹ ਭਰੋਸਾ ਕਾਫ਼ੀ ਹੱਦ ਤੱਕ ਖ਼ਤਮ ਹੋ ਗਿਆ ਹੈ। ਨੇਂਸ਼ੀ ਨੇ ਦਾਅਵਾ ਕੀਤਾ ਕਿ “ਪਾਥਵੇਜ਼” ਪ੍ਰੋਜੈਕਟ ਹਾਲੇ ਵੀ ਪੂਰੀ ਤਰ੍ਹਾਂ ਅੱਗੇ ਨਹੀਂ ਵੱਧ ਸਕਿਆ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਕੁਝ ਫਰਸਟ ਨੇਸ਼ਨਜ਼ ਨੇ ਵੀ ਪਾਈਪਲਾਈਨ ਯੋਜਨਾਵਾਂ ਲਈ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਹੈ।

ਐਨਡੀਪੀ ਆਗੂ ਨੇ ਕਿਹਾ ਕਿ ਅਲੱਗਾਵਾਦ ਨਾਲ ਜੁੜੀਆਂ ਚਰਚਾਵਾਂ ਅਤੇ ਰਾਜਨੀਤਿਕ ਅਸਥਿਰਤਾ ਕਾਰਨ ਨਿਵੇਸ਼ਕਾਂ ਵਿੱਚ ਅਣਿਸ਼ਚਿਤਤਾ ਵਧੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਨੂੰ ਹੀ ਇਹ ਸਪੱਸ਼ਟ ਨਾ ਹੋਵੇ ਕਿ ਭਵਿੱਖ ਵਿੱਚ ਪਾਈਪਲਾਈਨ ਕਿਸ ਦੇਸ਼ ਵਿੱਚ ਹੋਵੇਗੀ ਜਾਂ ਕੀ ਇਸਨੂੰ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰਣੀਆਂ ਪੈਣਗੀਆਂ, ਤਾਂ ਅਰਬਾਂ ਡਾਲਰ ਦਾ ਨਿਵੇਸ਼ ਕਰਨਾ ਔਖਾ ਹੋ ਜਾਂਦਾ ਹੈ।ਨੇਂਸ਼ੀ ਨੇ ਕਿਹਾ ਕਿ ਐਨਡੀਪੀ ਵੱਲੋਂ ਪੇਸ਼ ਕੀਤੀ “ਬਿਲਡਿੰਗ ਕੈਨੇਡਾਜ਼ ਐਨਰਜੀ ਫਿਊਚਰ” ਯੋਜਨਾ ਰਾਹੀਂ ਨਾ ਸਿਰਫ਼ ਪਾਈਪਲਾਈਨ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਸਕੇਗਾ, ਸਗੋਂ ਅਲਬਰਟਾ ਅਤੇ ਕੈਨੇਡਾ ਦੇ ਊਰਜਾ ਖੇਤਰ ਵਿੱਚ ਭਵਿੱਖ ਲਈ ਵੱਡੇ ਰੋਜ਼ਗਾਰ ਮੌਕੇ ਵੀ ਪੈਦਾ ਹੋਣਗੇ।