ਅਲਬਰਟਾ ਵਿੱਚ ਵਿਸ਼ਾਲ ਜਹਾਜ਼ ਨਿਰਮਾਣ ਕੇਂਦਰ ਦੀ ਉਸਾਰੀ ਸ਼ੁਰੂ
ਵਿਟਲੈਂਡ ਕਾਊਂਟੀ-ਅਲਬਰਟਾ ਵਿੱਚ ਹਵਾਈ ਅਤੇ ਏਅਰੋਸਪੇਸ ਖੇਤਰ ਨੂੰ ਵੱਡਾ ਬਲ ਮਿਲਿਆ ਹੈ। ਡੀ ਹੈਵਿਲੈਂਡ ਕੈਨੇਡਾ ਵੱਲੋਂ ਵਿਟਲੈਂਡ ਕਾਊਂਟੀ ਵਿੱਚ ਬਣਾਏ ਜਾ ਰਹੇ “ਡੀ ਹੈਵਿਲੈਂਡ ਫੀਲਡ” ਨਾਮਕ ਵਿਸ਼ਾਲ ਏਅਰਕ੍ਰਾਫਟ ਮੈਨੂਫੈਕਚਰਿੰਗ ਹੱਬ ਦੀ ਉਸਾਰੀ ਦਾ ਅਧਿਕਾਰਿਕ ਆਗਾਜ਼ 15 ਮਈ ਨੂੰ ਭੂਮੀ ਪੂਜਨ ਸਮਾਰੋਹ ਨਾਲ ਕੀਤਾ ਗਿਆ। ਇਹ ਪ੍ਰੋਜੈਕਟ ਅਲਬਰਟਾ ਦੇ ਇਤਿਹਾਸ ਵਿੱਚ ਨਿੱਜੀ ਖੇਤਰ ਦਾ ਸਭ ਤੋਂ ਵੱਡਾ ਹਵਾਈ ਨਿਵੇਸ਼ ਮੰਨਿਆ ਜਾ ਰਿਹਾ ਹੈ।
ਕਰੀਬ 1,500 ਏਕੜ ਵਿੱਚ ਫੈਲਣ ਵਾਲੇ ਇਸ ਪ੍ਰੋਜੈਕਟ ਵਿੱਚ ਆਧੁਨਿਕ ਜਹਾਜ਼ ਅਸੈਂਬਲੀ ਯੂਨਿਟ, ਰਨਵੇ, ਪਾਰਟਸ ਮੈਨੂਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਦੇ ਨਾਲ ਮੁਰੰਮਤ ਅਤੇ ਰੱਖ-ਰਖਾਵ ਕੇਂਦਰ ਵੀ ਬਣਾਏ ਜਾਣਗੇ। ਪ੍ਰੋਜੈਕਟ ਦੇ ਪੂਰਾ ਹੋਣ ’ਤੇ ਲਗਭਗ 3,000 ਸਥਾਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਹੁਨਰਮੰਦ ਕਾਰੀਗਰਾਂ, ਇੰਜੀਨੀਅਰਾਂ, ਮੈਨੂਫੈਕਚਰਿੰਗ ਅਤੇ ਏਵੀਏਸ਼ਨ ਸੇਵਾਵਾਂ ਨਾਲ ਜੁੜੇ ਕਰਮਚਾਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਸਾਰੀ ਦੌਰਾਨ ਵੀ ਵੱਡੀ ਗਿਣਤੀ ਵਿੱਚ ਰੋਜ਼ਗਾਰ ਅਤੇ ਆਰਥਿਕ ਲਾਭ ਮਿਲਣਗੇ।
ਜਾਬਜ਼, ਇਕਾਨਮੀ, ਟਰੇਡ ਐਂਡ ਇਮੀਗ੍ਰੇਸ਼ਨ ਮੰਤਰੀ ਜੋਸਫ਼ ਸਕੋ ਨੇ ਕਿਹਾ ਕਿ ਇਹ ਨਿਵੇਸ਼ ਅਲਬਰਟਾ ਦੀ ਆਰਥਿਕ ਤਾਕਤ ਅਤੇ ਕਾਰੋਬਾਰੀ ਮਾਹੌਲ ’ਤੇ ਵੱਡੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸੈਂਕੜਿਆਂ ਮਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਨਾਲ ਸੂਬੇ ਵਿੱਚ ਨੌਕਰੀਆਂ, ਵਿਕਾਸ ਅਤੇ ਨਵੇਂ ਮੌਕੇ ਪੈਦਾ ਹੋਣਗੇ।ਡੀ ਹੈਵਿਲੈਂਡ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਰਾਇਨ ਚੇਫ਼ ਨੇ ਕਿਹਾ ਕਿ ਇਹ ਪ੍ਰੋਜੈਕਟ ਕੇਵਲ ਨਵੀਂ ਇਮਾਰਤ ਨਹੀਂ, ਸਗੋਂ ਕੈਨੇਡਾ ਦੇ ਏਅਰੋਸਪੇਸ ਖੇਤਰ ਨੂੰ ਮਜ਼ਬੂਤ ਕਰਨ ਵੱਲ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਮਾਣ ਹੈ ਕਿ ਉਹ ਅਲਬਰਟਾ ਵਿੱਚ ਵਿਸ਼ਵ-ਪੱਧਰੀ ਏਅਰੋਸਪੇਸ ਹੱਬ ਤਿਆਰ ਕਰ ਰਹੀ ਹੈ।ਡੀ ਹੈਵਿਲੈਂਡ ਕੈਨੇਡਾ ਨੇ 2023 ਵਿੱਚ ਆਪਣਾ ਮੁੱਖ ਦਫ਼ਤਰ ਵੀ ਅਲਬਰਟਾ ਵਿੱਚ ਸਥਾਨਾਂਤਰਿਤ ਕੀਤਾ ਸੀ, ਜਿਸਨੂੰ ਸੂਬੇ ਦੇ ਕਾਰੋਬਾਰ-ਪੱਖੀ ਮਾਹੌਲ ਵਿੱਚ ਵੱਡੇ ਉਦਯੋਗਾਂ ਦੇ ਭਰੋਸੇ ਵਜੋਂ ਵੇਖਿਆ ਜਾ ਰਿਹਾ ਹੈ।
ਅਲਬਰਟਾ ਸਰਕਾਰ ਨੇ ਹਾਲ ਹੀ ਵਿੱਚ ਡੀ ਹੈਵਿਲੈਂਡ ਕੈਨੇਡਾ ਤੋਂ ਪੰਜ “ਕੈਨੇਡੇਅਰ ਡੀਐਚਸੀ-515” ਵਾਟਰ ਬੰਬਰ ਜਹਾਜ਼ ਖਰੀਦਣ ਲਈ 400 ਮਿਲੀਅਨ ਡਾਲਰ ਦੇ ਆਰਡਰ ਦਾ ਵੀ ਐਲਾਨ ਕੀਤਾ ਸੀ। ਇਹ ਜਹਾਜ਼ ਭਵਿੱਖ ਵਿੱਚ ਜੰਗਲਾਤੀ ਅੱਗਾਂ ਨਾਲ ਨਜਿੱਠਣ ਲਈ ਵਰਤੇ ਜਾਣਗੇ ਅਤੇ ਇਨ੍ਹਾਂ ਦੀ ਤਿਆਰੀ ਵੀ ਨਵੇਂ ਮੈਨੂਫੈਕਚਰਿੰਗ ਹੱਬ ਵਿੱਚ ਕੀਤੀ ਜਾਵੇਗੀ।ਫਾਰੈਸਟਰੀ ਅਤੇ ਪਾਰਕਸ ਮੰਤਰੀ ਟਾਡ ਲੋਵਨ ਨੇ ਕਿਹਾ ਕਿ ਇਹ ਪ੍ਰੋਜੈਕਟ ਅਲਬਰਟਾ ਦੇ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਸੂਬੇ ਨੂੰ ਏਅਰੋਸਪੇਸ ਮੈਨੂਫੈਕਚਰਿੰਗ ਵਿੱਚ ਅਗਵਾਈ ਦੇ ਸਥਾਨ ’ਤੇ ਲੈ ਕੇ ਜਾਵੇਗਾ।ਚੈਸਟਰਮੀਅਰ-ਸਟ੍ਰੈਥਮੋਰ ਹਲਕੇ ਦੀ ਵਿਧਾਇਕ ਸ਼ਾਂਟੇਲ ਡੀ ਜੋਂਗੇ ਨੇ ਇਸਨੂੰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਪ੍ਰੋਜੈਕਟਾਂ ਵਿੱਚੋਂ ਇੱਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਵਿਟਲੈਂਡ ਕਾਊਂਟੀ ਅਤੇ ਪੂਰੇ ਅਲਬਰਟਾ ਵਿੱਚ ਆਰਥਿਕ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੁੱਲਣਗੇ।
















